ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥ ਉਸ ਨੂੰ ਸਾਹਿਬ ਦੇ ਇਲਮ ਨੂੰ ਵੀਚਾਰਨਾ, ਇਸ ਦੀ ਅਸਲੀਅਤ ਨੂੰ ਖੋਜਣਾ ਅਤੇ ਸੁਆਮੀ ਦੇ ਨਾਮ ਨਾਲ ਪਿਆਰ ਪਾਉਣਾ ਚਾਹੀਦਾ ਹੈ। ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥ ਆਪ ਹੁਦਰਾ ਪੁਰਸ਼ ਆਪਣੇ ਇਲਮ ਨੂੰ ਵੇਚਦਾ ਹੈ। ਉਹ ਜ਼ਹਿਰ ਕਮਾਉਂਦਾ ਹੈ ਅਤੇ ਜ਼ਹਿਰ ਹੀ ਖਾਂਦਾ ਹੈ। ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥ ਮੂੜ੍ਹ, ਨਾਮ ਦਾ ਸਿਮਰਨ ਨਹੀਂ ਕਰਦਾ। ਉਸ ਨੂੰ ਕੋਈ ਸਮਝ ਅਤੇ ਗਿਆਤ ਨਹੀਂ। ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥ ਉਹ ਪੁੰਨ-ਆਤਮਾ ਉਸਤਾਦ ਆਖਿਆ ਜਾਂਦਾ ਹੈ; ਜੇਕਰ ਉਹ ਆਪਣੇ ਸ਼ਗਿਰਦਾ ਨੂੰ ਸੱਚੀ ਸਿੱਖਿਆ ਦਿੰਦਾ ਹੈ। ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥ ਤੂੰ ਨਾਮ ਦਾ ਸਿਮਰਨ ਕਰ, ਤੂੰ ਨਾਮ ਨੂੰ ਹੀ ਇਕੱਤਰ ਕਰ ਅਤੇ ਇਸ ਤਰ੍ਹਾਂ ਤੂੰ ਇਸ ਜਹਾਨ ਅੰਦਰ ਲਾਹਾ ਖੱਟ। ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥ ਸੱਚੇ ਚਿੱਤ ਦੀ ਸੱਚੀ ਫਟੀ ਨਾਲ ਤੂੰ ਪਰਮ ਸ੍ਰੇਸ਼ਟ ਗੁਰਬਾਣੀ ਨੂੰ ਵਾਚ। ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥ ਨਾਨਕ, ਕੇਵਲ ਉਹ ਹੀ ਪੜਿਆ ਹੈ ਅਤੇ ਉਹ ਹੀ ਸਿਆਣਾ ਵਿਦਵਾਨ ਜੋ ਸੁਆਮੀ ਦੇ ਨਾਮ ਦੀ ਗਲ-ਮਾਲਾ ਪਹਿਰਦਾ ਹੈ। ਰਾਮਕਲੀ ਮਹਲਾ ੧ ਸਿਧ ਗੋਸਟਿ ਰਾਮਕਲੀ ਪਹਿਲੀ ਪਾਤਿਸ਼ਾਹੀ ਸਿੱਧ ਗੋਸ਼ਟ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥ ਕਰਾਮਾਤੀ ਬੰਦੇ ਮਜਲਸ ਬਣਾ ਕੇ ਆਪਣਿਆਂ ਅਸਥਾਨਾਂ ਉੱਤੇ ਬਹਿ ਗਏ ਅਤੇ ਗੁਰੂ ਜੀ ਨੂੰ ਆਖਿਆ, "ਤੂੰ ਇਸ ਸਾਧੂਆਂ ਦੀ ਮਜਲਸ ਨੂੰ ਪ੍ਰਣਾਮ ਕਰ"। ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥ (ਗੁਰੂ ਜੀ ਉਤੱਰ ਦਿੰਦੇ ਹਨ) "ਮੇਰੀ ਪ੍ਰਣਾਮ ਉਸ ਦੇ ਮੂਹਰੇ ਹੈ ਜੋ ਸੱਚਾ, ਬੇਅੰਤ ਤੇ ਪਰਮ ਉਤਕ੍ਰਿਸ਼ਟ ਹੈ। ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥ ਮੈਂ ਆਪਣਾ ਸਿਰ ਵੱਢ ਕੇ ਉਸ ਦੇ ਮੂਹਰੇ ਰਖਦਾ ਹਾਂ ਅਤੇ ਆਪਣੀ ਦੇਹ ਤੇ ਆਤਮਾ ਉਸ ਨੂੰ ਸਮਰਪਣ ਕਰਦਾ ਹਾਂ"। ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥ ਨਾਨਕ, ਸਾਧੂ ਗਰਦੇਵ ਜੀ ਨੂੰ ਭੇਟਣ ਦੁਆਰਾ, ਸੱਚਾ ਸੁਆਮੀ ਪ੍ਰਾਪਤ ਹੋ ਜਾਂਦਾ ਹੈ ਅਤੇ ਜੀਵ ਨੂੰ ਸੁਤੇ ਸਿੱਧ ਹੀ ਪ੍ਰਭਤਾ ਦੀ ਦਾਤ ਮਿਲ ਜਾਂਦੀ ਹੈ। ਕਿਆ ਭਵੀਐ ਸਚਿ ਸੂਚਾ ਹੋਇ ॥ ਭਾਉਂਦੇ ਫਿਰਨ ਦਾ ਕੀ ਲਾਭ ਹੈ? ਸੱਚੇ ਨਾਮ ਦੇ ਰਾਹੀਂ ਹੀ ਇਨਸਾਨ ਪਵਿੱਤਰ ਹੁੰਦਾ ਹੈ। ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥ ਸਤਿਨਾਮ ਦੇ ਬਾਝੋਂ ਕਿਸੇ ਦੀ ਭੀ ਕਲਿਆਣ ਨਹੀਂ ਹੁੰਦੀ। ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥ (ਯੋਗੀ ਪੁਛਦੇ ਹਨ) ਪ੍ਰ. 1: ਤੂੰ ਕਉਣ ਹੈਂ? ਪ੍ਰ. 2: ਤੇਰਾ ਨਾਮ ਕੀ ਹੈ? ਪ੍ਰ. 3: ਤੇਰਾ ਮੱਤ ਕੀ ਹੈ? ਪ੍ਰ. 4: ਤੇਰਾ ਜੀਵਨ ਮਨੋਰਥ ਕੀ ਹੈ? ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥ ਸਾਡੀ ਬੇਨਤੀ ਹੈ ਕਿ ਤੂੰ ਸਾਨੂੰ ਸੱਚੋ ਸੱਚ ਦੱਸ। ਅਸੀਂ ਨੇਕ ਪੁਰਸ਼ਾਂ ਉੱਤੋਂ ਕੁਰਬਾਨ ਜਾਂਦੇ ਹਾ। ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥ ਪ੍ਰ. 5: ਤੇਰਾ ਟਿਕਾਣਾ ਕਿੱਥੇ ਹੈ? ਪ੍ਰ. 6: ਤੂੰ ਕਿੱਥੇ ਵਸਦਾ ਹੈਂ, ਹੇ ਬਾਲਕੇ? ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥ ਪ੍ਰ. 7: ਤੂੰ ਕਿੱਥੇ ਆਇਆ ਹੈਂ? ਪ੍ਰ. 8: ਤੂੰ ਕਿਧਰ ਨੂੰ ਜਾਣਾ ਹੈ? ਤਿਆਗੀ ਸਿੱਧ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਨਾਨਕ! ਪ੍ਰ. 9: ਤੇਰਾ ਰਸਤਾ ਕਿਹੜਾ ਹੈ? ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥ (ਗੁਰੂ ਜੀ ਜੁਆਬ ਦਿੰਦੇ ਹਨ) ਸਾਹਿਬ ਸਾਰਿਆਂ ਦਿਲਾਂ ਅੰਦਰ ਹੈ। ਉ. 5: ਉਸ ਦੇ ਵਿੱਚ ਹੈ ਮੇਰਾ ਟਿਕਾਣਾ। ਉ. 6: ਉਸ ਦੇ ਅੰਦਰ ਹੈ ਮੇਰਾ ਵਾਸਾ। ਉ. 3: ਮੈਂ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹਾਂ ਅਤੇ ਇਹ ਹੀ ਹੈ ਮੇਰਾ ਮੱਤ। ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥ ਉ. 7: ਮੈਂ ਵਾਹਿਗੁਰੂ ਕੋਲੋਂ ਆਇਆ ਹਾਂ। ਉ. 8: ਮੈਂ ਓਥੇ ਨੂੰ ਜਾਵਾਂਗਾ ਜਿਥੇ ਨੂੰ ਉਹ ਮੈਨੂੰ ਆਪਣੀ ਰਜ਼ਾ ਅੰਦਰ ਟੋਰੇਗਾ। ਉ. 2: ਮੇਰਾ ਨਾਮ ਨਾਨਕ ਹੈ। ਉ. 1: ਮੈਂ ਸਦੀਵ ਹੀ ਹਰੀ ਦੇ ਹੁਕਮ ਦਾ ਫ਼ਰਮਾਂਬਰਦਾਰ ਹਾਂ। ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥ ਉ. 9: ਅਬਿਨਾਸੀ ਸੁਆਮੀ ਦੀ ਧਿਆਨ ਅਸਥਾ ਵਿੱਚ ਟਿਕੇ ਰਹਿਣਾ ਹੀ ਮੇਰਾ ਰਸਤਾ ਹੈ। ਉ. 4: ਐਹੋ ਜੇਹੀ ਵਿਸ਼ਾਲ ਗਿਆਤ ਦੀ ਪ੍ਰਾਪਤੀ ਮੇਰਾ ਜੀਵਨ ਮਨੋਰਥ ਹੈ। ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥ ਗੁਰਾ ਦੀ ਦਇਆ ਦੁਆਰਾ ਆਪਣੇ ਆਪ ਨੂੰ ਜਾਣ ਅਤੇ ਸਿੰਝਾਣ ਕੇ, ਮੈਂ ਸਚਿਆਰਾਂ ਦੇ ਪਰਮ ਸੱਚਿਆਰ ਵਿੰਚ ਲੀਨ ਹੋ ਗਿਆ ਹਾਂ। ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ (ਯੋਗੀ ਪੁਛਦੇ ਹਨ) ਪ੍ਰ. 10: ਜਗਤ ਇਕ ਪਾਰ ਨਾਂ ਕੀਤਾ ਜਾਣ ਵਾਲਾ ਸਮੁੰਦਰ ਆਖਿਆ ਜਾਂਦਾ ਹੈ। ਬੰਦਾ ਇਸ ਤੋਂ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ? ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥ ਚਰਪਟ ਆਖਦਾ ਹੈ: "ਹੇ ਨਿਰਲੇਪ ਨਾਨਕ! ਯੋਗ ਸੋਚ ਵਿਚਾਰ ਮਗਰੋਂ ਤੂੰ ਇਸ ਦਾ ਸੱਚਾ ਉਤੱਰ ਦੇ"। ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥ ਜੋ ਕਹਿੰਦਾ ਹੈ ਕਿ ਉਹ ਖ਼ੁਦ ਹੀ ਸਮਝਦਾ ਹੈ, ਉਸ ਨੂੰ ਮੈਂ ਕੀ ਜਵਾਬ ਦੇ ਸਕਦਾ ਹਾਂ? ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥ ਮੈਂ ਤੈਨੂੰ ਸੱਚ ਆਖਦਾ ਹਾਂ ਕਿ ਮੈਂ ਤੇਰੇ ਨਾਲ ਕਿਸ ਤਰ੍ਹਾਂ ਬਹਿਸ ਕਰ ਸਕਦਾ ਹਾਂ, ਜਦ ਤੂੰ ਸਮਝਦਾ ਹੈ ਕਿ ਤੂੰ ਪਰਲੇ ਕਿਨਾਰੇ ਪੁੱਜ ਚੁੱਕਾ ਹੈ"। (ਗੁਰੂ ਨਾਨਾਕ ਕਹਿੰਦੇ ਹਨ)। ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥ ਉ. 10: ਜਿਸ ਤਰ੍ਹਾਂ ਕੰਵਲ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਜਿਸ ਤਰ੍ਹਾਂ ਮੁਰਗਾਬੀ ਨਦੀ ਦੇ ਬਹਾਉਂਦੇ ਸਾਮ੍ਹਣੇ ਤਰਦੀ ਹੈ ਅਤੇ ਗਿੱਲੀ ਨਹੀਂ ਹੁੰਦੀ, ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥ ਏਸੇ ਤਰ੍ਹਾਂ ਗੁਰਾਂ ਦੀ ਬਾਣੀ ਉੱਤੇ ਬਿਰਤੀ ਜੋੜਨ ਅਤੇ ਨਾਮ ਦਾ ਉਚਾਰਨ ਕਰਨ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ, ਹੇ ਨਾਨਕ! ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ ਜੋ ਇਕ ਸੁਆਮੀ ਨੂੰ ਆਪਣੇ ਹਿਰਦੇ ਟਿਕਾ, ਖ਼ਾਹਿਸ਼ਾ ਅੰਦਰ ਖ਼ਾਹਿਸ਼-ਰਹਿਤ ਰਹਿ ਕੱਲਮਕੱਲਾ ਵਿਚਰਦਾ ਹੈ, ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥ ਅਤੇ ਪਹੁੰਚ ਤੋਂ ਪਰ੍ਹੇ ਤੇ ਸੋਚ ਸਮਝ ਤੋਂ ਉਚੇਰੇ ਸੁਆਮੀ ਨੂੰ ਵੇਖਦਾ ਅਤੇ ਹੋਰਨਾਂ ਨੂੰ ਵਿਖਾਲਦਾ ਹੈ, ਉਸਦਾ ਨਾਨਕ ਦਾਸ (ਸੇਵਕ) ਹੈ। ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥ (ਯੋਗੀ ਆਖਦੇ ਹਨ) ਹੇ ਸਾਈਂ! ਤੂੰ ਸਾਡੀ ਬੇਨਤੀ ਸੁਣ। ਅਸੀਂ ਤੈਨੂੰ ਤੇਰੀ ਸੱਚੀ ਰਾਏ ਪੁੱਛਦੇ ਹਾਂ। ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥ ਇਸ ਨੂੰ ਬੁਰਾ ਨਾਂ ਮਨਾਉਣਾ ਤੇ ਯੋਗ ਜਵਾਬ ਦੇਣਾ। ਪ੍ਰ. 11: ਇਨਸਾਨ ਕਿਸ ਤਰ੍ਹਾਂ ਵਿਸ਼ਾਲ ਵਾਹਿਗੁਰੂ ਦੇ ਦਰ ਉੱਤੇ ਪੁੱਜ ਸਕਦਾ ਹੈਂ? ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥ ਗੁਰੂ ਜੀ ਜਵਾਬ ਦਿੰਦੇ ਹਨ: ਉ. 11: ਨਾਮ ਦੇ ਆਸਰੇ ਰਾਹੀਂ, ਇਹ ਚੰਚਲ ਮਨੂਆ ਆਪਣੇ ਸੱਚੇ ਧਾਮ (ਟਿਕਾਣੇ) ਅੰਦਰ ਬੈਠ ਜਾਂਦਾ ਹੈ, ਹੇ ਨਾਨਕ! ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥ ਅਤੇ ਸੱਚੇ ਸਾਈਂ ਨਾਲ ਪ੍ਰੇਮ ਪਾ ਲੈਂਦਾ ਹੈ, ਤਾਂ ਸਿਰਜਣਹਾਰ ਖ਼ੁਦ ਹੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥ ਅਸੀਂ ਦੁਕਾਨ ਅਤੇ ਰਸਤਿਆਂ ਤੋਂ ਨਿਵੇਕਲੇ ਜੰਗਲਾਂ ਵਿੱਚ, ਦਰੱਖਤਾਂ ਤੇ ਪੌਦਿਆਂ ਦੇ ਹੇਠਾਂ ਵਸਦੇ ਹਾਂ। ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥ ਅਸੀਂ ਫਲ ਅਤੇ ਜੜ੍ਹ ਆਪਣੇ ਭੋਜਨ ਵਜੋਂ ਛਕਦੇ ਹਾਂ। ਇਹ ਹੈ ਬ੍ਰਹਮ ਵੀਚਾਰ, ਜੋ ਯੋਗੀ ਉਚਾਰਨ ਕਰਦੇ ਹਨ। copyright GurbaniShare.com all right reserved. Email |