Page 945

ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥
(ਗੁਰੂ ਜੀ ਜੁਆਬ ਦਿੰਦੇ ਹਨ) ਉ. 72: ਹਰੀ ਦੇ ਬਾਝੋਂ ਹਵਾ ਨੂੰ ਹੋਰ ਕਿਧਰੋਂ ਇਸ ਦੀ ਖੁਰਾਕ ਨਹੀਂ ਮਿਲਦੀ ਤੇ ਇਸ ਦੀ ਹੰਗਤਾ ਦੀ ਤ੍ਰੇਹ ਦੂਰ ਨਹੀਂ ਹੁੰਦੀ, ਹੇ ਯੋਗੀ!

ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ ॥
ਉ. 73: ਗਿਆਨਵਾਨ ਯੋਗੀ ਦੀ ਜੀਵਨ ਮਰਯਾਦਾ ਇਹ ਹੈ ਕਿ ਉਹ ਸਾਈਂ ਨਾਲ ਰੰਗਿਆ ਹੋਇਆ ਹੈ ਅਤੇ ਸੁਰਜੀਤ ਕਰ ਦੇਣ ਵਾਲੇ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ। ਉ. 74: ਪੂਰਨ ਪੁਰਸ਼ ਦਾ ਕਾਰੋਬਾਰ ਇਹ ਹੈ ਕਿ ਉਹ ਸੱਚੇ ਨਾਮ ਦੇ ਨਾਲ ਰੱਜਿਆ ਰਹਿੰਦਾ ਹੈ।

ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ ॥
(ਯੋਗੀ ਪੁਛਦੇ ਹਨ) ਪ੍ਰ. 75: ਉਹ ਕਿਹੜੀ ਸਮਝ ਹੈ ਜਿਸ ਦੁਆਰਾ ਬੰਦਾ ਅਡੋਲ ਰਹਿੰਦਾ ਹੈ। ਪ੍ਰ. 76: ਕਿਸ ਖੁਰਾਕ ਨਾਲ ਪ੍ਰਾਣੀ ਰੱਜਿਆ ਰੰਹਿਦਾ ਹੈ?

ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ ॥੬੧॥
(ਗੁਰੂ ਜੀ ਜੁਆਬ ਦਿੰਦੇ ਹਨ) ਉ. 75: ਦੁਖ ਅਤੇ ਸੁਖ ਨੂੰ ਇੱਕ ਸਮਾਨ ਜਾਣਨ ਦੀ ਸਮਝ ਦੁਆਰਾ ਬੰਦਾ ਅਡੋਲ ਰਹਿੰਦਾ ਹੈ। ਉ. 76: ਸੱਚੇ ਗੁਰਾਂ ਪਾਸੋਂ ਪ੍ਰਾਪਤ ਕੀਤੀ ਹੋਈ ਨਾਮ ਦੀ ਖੁਰਾਕ ਨਾਲ ਇਨਸਾਨ ਰੱਜਿਆ ਰਹਿੰਦਾ ਹੈ ਅਤੇ ਮੌਤ ਉਸ ਨੂੰ ਨਿਗਲਦੀ ਨਹੀਂ।

ਰੰਗਿ ਨ ਰਾਤਾ ਰਸਿ ਨਹੀ ਮਾਤਾ ॥
ਜੇਕਰ ਇਨਸਾਨ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਨਹੀਂ, ਨਾਂ ਹੀ ਉਹ ਉਸ ਦੇ ਅੰਮ੍ਰਿਤ ਨਾਲ ਮਗਨ ਹੋਇਆ ਹੈ,

ਬਿਨੁ ਗੁਰ ਸਬਦੈ ਜਲਿ ਬਲਿ ਤਾਤਾ ॥
ਅਤੇ ਗੁਰਾਂ ਦੀ ਬਾਣੀ ਤੋਂ ਸੱਖਣਾ ਹੈ, ਤਦ ਉਹ ਖਿੱਝਿਆ ਰਹਿੰਦਾ ਹੈ ਅਤੇ ਆਪਣੀ ਅੰਦਰਲੀ ਅੱਗ ਨਾਲ ਸੜ ਬਲ ਜਾਂਦਾ ਹੈ।

ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥
ਉਹ ਆਪਣੇ ਵੀਰਜ ਨੂੰ ਸਾਂਭ ਕੇ ਨਹੀਂ ਰੱਖਦਾ, ਨਾ ਹੀ ਉਹ ਪ੍ਰਭੂ ਦਾ ਉਚਾਰਨ ਕਰਦਾ ਹੈ।

ਪਵਨੁ ਨ ਸਾਧਿਆ ਸਚੁ ਨ ਅਰਾਧਿਆ ॥
ਉਹ ਆਪਣੇ ਸੁਆਸ (ਜੀਵਨ) ਨੂੰ ਨਹੀਂ ਸੁਧਾਰਦਾ, ਨਾਂ ਹੀ ਉਹ ਸੱਚੇ ਸਾਈਂ ਦਾ ਸਿਮਰਨ ਕਰਦਾ ਹੈ।

ਅਕਥ ਕਥਾ ਲੇ ਸਮ ਕਰਿ ਰਹੈ ॥
ਵਾਹਿਗੁਰੂ ਦੀ ਅਕਹਿ ਵਾਰਤਾ ਨੂੰ ਕਹਿੰਦਾ ਹੋਇਆ ਜੇਕਰ ਇਨਸਾਨ ਖੁਸ਼ੀ ਤੇ ਗਮੀ ਵਿੱਚ ਇਕ ਸਮਾਨ ਰਹਿੰਦਾ ਹੈ,

ਤਉ ਨਾਨਕ ਆਤਮ ਰਾਮ ਕਉ ਲਹੈ ॥੬੨॥
ਤਦ ਉਹ ਸਰਬ ਵਿਆਪਕ ਸੁਆਮੀ ਨੂੰ ਪਾ ਲੈਂਦਾ ਹੈ, ਹੇ ਨਾਨਕ!

ਗੁਰ ਪਰਸਾਦੀ ਰੰਗੇ ਰਾਤਾ ॥
ਗੁਰਾਂ ਦੀ ਦਇਆ ਦੁਆਰਾ, ਇਨਸਾਨ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ।

ਅੰਮ੍ਰਿਤੁ ਪੀਆ ਸਾਚੇ ਮਾਤਾ ॥
ਜੇਕਰ ਪ੍ਰਾਨੀ ਸੁਧਾਰਸ ਨੂੰ ਪਾਨ ਕਰ ਲਵੇ ਤਾਂ ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।

ਗੁਰ ਵੀਚਾਰੀ ਅਗਨਿ ਨਿਵਾਰੀ ॥
ਗੁਰਾਂ ਦਾ ਆਰਾਧਨ ਕਰਨ ਦੁਆਰਾ ਅੰਦਰਲੀ ਅੱਗ ਬੁੱਝ ਜਾਂਦੀ ਹੈ।

ਅਪਿਉ ਪੀਓ ਆਤਮ ਸੁਖੁ ਧਾਰੀ ॥
ਪ੍ਰਭੂ ਦਾ ਅੰਮ੍ਰਿਤ ਪਾਨ ਕਰਨ ਦੁਆਰਾ ਜਿੰਦੜੀ ਨੂੰ ਆਰਾਮ ਪ੍ਰਾਪਤ ਹੋ ਜਾਂਦਾ ਹੈ।

ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ ॥
ਗੁਰਾਂ ਦੀ ਦਇਆ ਦੁਆਰਾ ਸੱਚੇ ਸੁਆਮੀ ਦਾ ਸਿਮਰਨ ਕਰਕੇ ਇਨਸਾਨ ਸੰਸਾਰ ਦੀ ਨਦੀ ਤੋਂ ਪਾਰ ਹੋ ਜਾਂਦਾ ਹੈ।

ਨਾਨਕ ਬੂਝੈ ਕੋ ਵੀਚਾਰੀ ॥੬੩॥
ਕੋਈ ਵਿਰਲਾ ਵਿਚਾਰਵਾਨ ਪੁਰਸ਼ ਹੀ ਇਸ ਤਰਾਂ ਸਮਝਦਾ ਹੈ, ਹੇ ਨਾਨਕ!

ਇਹੁ ਮਨੁ ਮੈਗਲੁ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ ॥
(ਯੋਗੀ ਪੁਛਦੇ ਹਨ) ਪ੍ਰ. 77: ਇਹ ਮਨ ਹਾਥੀ ਕਿੱਥੇ ਰਹਿੰਦਾ ਹੈ? ਪ੍ਰ. 78: ਇਹ ਸੁਆਸ ਕਿੱਥੇ ਨਿਵਾਸ ਰਖਦਾ ਹੈ?

ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕਾ ਭਵਨਾ ॥
ਪ੍ਰ. 79: ਉਹ ਸੁਆਮੀ ਕਿੱਥੇ ਨਿਵਾਸ ਕਰੇ, ਹੇ ਵੈਰਾਗੀ ਨਾਨਕ! ਤਾਂ ਜੋ ਮਨ ਦੀ ਭਟਕਣਾ ਮਿੱਟ ਜਾਵੇ?

ਨਦਰਿ ਕਰੇ ਤਾ ਸਤਿਗੁਰੁ ਮੇਲੇ ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥
(ਗੁਰੂ ਜੀ ਜੁਆਬ ਦਿੰਦੇ ਹਨ) ਉ. 77: ਜਦ ਸਾਈਂ ਮਿਹਰ ਧਾਰਦਾ ਹੈ, ਤਦ ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਤੇ ਤਦ ਇਹ ਮਨੂਆ ਹਾਥੀ ਆਪਣੇ ਨਿਜ ਦੇ ਧਾਮ ਵਿੱਚ ਟਿਕੱ ਜਾਂਦਾ ਹੈ।

ਆਪੈ ਆਪੁ ਖਾਇ ਤਾ ਨਿਰਮਲੁ ਹੋਵੈ ਧਾਵਤੁ ਵਰਜਿ ਰਹਾਏ ॥
ਜਦ ਪ੍ਰਾਨੀ ਆਪਣੀ ਸਵੈ-ਹੰਗਤਾ ਨੂੰ ਖਾ ਜਾਂਦਾ ਹੈ, ਤਦ ਉਹ ਪਵਿੱਤਰ ਪਾਵਨ ਹੋ ਜਾਂਦਾ ਹੈ ਅਤੇ ਆਪਣੇ ਭਟਕਦੇ ਹੋਏ ਮਨ ਨੂੰ ਮਨਾ ਕੇ ਰੋਕੀ ਰਖਦਾ ਹੈ!

ਕਿਉ ਮੂਲੁ ਪਛਾਣੈ ਆਤਮੁ ਜਾਣੈ ਕਿਉ ਸਸਿ ਘਰਿ ਸੂਰੁ ਸਮਾਵੈ ॥
(ਯੋਗੀ ਪੁਛਦੇ ਹਨ) ਪ੍ਰ. 80: ਆਦਿ ਪੁਰਖ ਕਿਸ ਤਰਾਂ ਜਾਣਿਆਂ ਜਾ ਸਕਦਾ ਹੈ? ਪ੍ਰ. 81: ਇਨਸਾਨ ਆਪਣੇ ਅਸਲੀ ਆਪੇ ਨੂੰ ਕਿਸ ਤਰਾਂ ਅਨੁਭਵ ਕਰ ਸਕਦਾ ਹੈ? ਪ੍ਰ. 82: ਕਿਸ ਤਰ੍ਹਾਂ ਸੂਰਜ ਚੰਦ ਦੇ ਧਾਮ ਵਿੱਚ ਪ੍ਰਵੇਸ਼ ਕਰ ਸਕਦਾ ਹੈ?

ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ ॥੬੪॥
(ਗੁਰੂ ਜੀ ਜੁਆਬ ਦਿੰਦੇ ਹਨ) ਉ. 82: ਜਦ ਗੁਰਾਂ ਦੀ ਦਇਆ ਦੁਆਰਾ ਬੰਦਾ ਆਪਣੇ ਅੰਦਰੋਂ ਹੰਗਤਾਂ ਨੂੰ ਦੂਰ ਕਰ ਦਿੰਦਾ ਹੈ, ਤਦ ਸੂਰਜ ਚੰਦ ਦੇ ਧਾਮ ਵਿੱਚ ਸੁਖੈਨ ਹੀ ਪ੍ਰਵੇਸ਼ ਕਰ ਜਾਂਦਾ ਹੈ, ਹੇ ਨਾਨਕ!

ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ ॥
ਉ. 80: ਜਦ ਅਸਥਿਰ ਹੋ ਇਹ ਮਨ, ਮਨ ਅੰਦਰ ਹੀ ਵਸਦਾ ਹੈ, ਤਦ ਗੁਰਾਂ ਦੇ ਰਾਹੀਂ ਆਦਿ ਪੁਰਖ ਜਾਣ ਲਿਆ ਜਾਂਦਾ ਹੈ।

ਨਾਭਿ ਪਵਨੁ ਘਰਿ ਆਸਣਿ ਬੈਸੈ ਗੁਰਮੁਖਿ ਖੋਜਤ ਤਤੁ ਲਹੈ ॥
ਉ. 78: ਇਹ ਸੁਆਸ ਧੁੰਨੀ ਦੇ ਖਿੱਤੇ ਅੰਦਰ ਆਪਣੇ ਗ੍ਰਹਿ ਵਿੱਚ ਆਪਣੀ ਥਾਂ ਤੇ ਬੈਠਾ ਹੋਇਆ ਹੈ। ਉ. 81: ਗੁਰਾਂ ਦੀ ਦਇਆ ਦੁਆਰਾ ਭਾਲ ਕਰਕੇ ਇਨਸਾਨ ਆਪਣੇ ਅਸਲੀ ਆਪੇ ਦਾ ਅਨੁਭਵ ਪ੍ਰਾਪਤ ਕਰ ਲੈਂਦਾ ਹੈ।

ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥
ਉ. 79: ਉਸ ਦਾ ਨਾਮ ਜੋ ਸਾਰਿਆਂ ਦੇ ਅੰਦਰ ਹੈ, ਉਸ ਦੇ ਨਿਜੱ ਤੇ ਧਾਮ ਵਿੱਚ ਨਿਵਾਸ ਕਰ ਲਵੇ ਤਾਂ ਜੋ ਮਨ ਦੀ ਭਟਕਣਾ ਮਿੱਟ ਜਾਵੇ। ਮਨ, ਤਦ ਉਸ ਸੁਆਮੀ ਨੂੰ ਪਾ ਲੈਂਦਾ ਹੈ, ਜਿਸ ਦਾ ਪ੍ਰਕਾਸ਼ ਤਿੰਨਾਂ ਜਹਾਨਾਂ ਵਿੱਚ ਵਿਆਪਕ ਹੈ।

ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਿ ਰਹੈ ॥
ਸੱਚੇ ਸਾਹਿਬ ਦੀ ਭੁਖ ਦੁਖ ਨੂੰ ਖਾ ਜਾਂਦੀ ਹੈ ਅਤੇ ਇਨਸਾਨ ਸੱਚ ਦੀ ਰਾਹੀਂ ਰੱਜਿਆ ਰਹਿੰਦਾ ਹੈ।

ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ ॥
ਸੁੱਤੇ ਸਿੱਧ ਹੋਣ ਵਾਲਾ ਕੀਰਤਨ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ ਅਤੇ ਕੋਈ ਟਾਂਵਾਂ ਟੱਲ ਹੀ ਇਸ ਦੇ ਭਾਵ ਨੂੰ ਅਨੁਭਵ ਕਰਦਾ ਹੈ।

ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ ਜਾਵੈ ॥੬੫॥
ਗੁਰੂ ਜੀ ਫੁਰਮਾਉਂਦੇ ਹਨ, ਜੋ ਸੱਚ ਬੋਲਦਾ ਹੈ ਅਤੇ ਜੋ ਸੱਚ ਨਾਲ ਰੰਗੀਜਿਆ ਹੈ, ਉਸ ਦੀ ਰੰਗਤ ਕਦੇ ਭੀ ਨਹੀਂ ਉਤਰਦੀ।

ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ ॥
(ਯੋਗੀ ਪੁਛਦੇ ਹਨ) ਪ੍ਰ. 83: ਜਦ ਇਹ ਦਿਲ ਤੇ ਸਰੀਰ ਨਹੀਂ ਸਨ ਹੁੰਦੇ ਤਦ ਮਨੂਆ ਕਿਥੇ ਵਸਦਾ ਸੀ?

ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ ॥
ਪ੍ਰ. 84: ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ, ਤਦ ਸੁਆਸ ਕਿਹੜੇ ਗ੍ਰਹਿ (ਟਿਕਾਣੇ) ਵਿੱਚ ਟਿਕਦਾ ਸੀ?

ਰੂਪੁ ਨ ਹੋਤੋ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ ॥
ਪ੍ਰ. 85: ਜਦ ਕੋਈ ਸਰੂਪ ਜਾਂ ਨੁਹਾਰ ਨਹੀਂ ਸੀ ਤਦ ਨਾਮ ਦੇ ਰਾਹੀਂ ਪ੍ਰੀਤ ਕਿਸ ਤਰ੍ਹਾਂ ਲੱਗਦੀ ਸੀ?

ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥
ਪ੍ਰ. 86: ਜਦ ਅੰਡੇ ਤੇ ਵੀਰਜ ਤੋਂ ਸਾਜਿਆ ਹੋਇਆ ਸਰੀਰ ਦਾ ਮੱਠ ਨਹੀਂ ਸੀ, ਕੀ ਤਦ ਪ੍ਰਭੂ ਦੇ ਵਿਸਥਾਰ ਤੇ ਮੁੱਲ ਦਾ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ?

ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ ॥
ਪ੍ਰ. 87: ਜਦ ਸੁਆਮੀ ਦਾ ਰੰਗ ਭੇਸ ਤੇ ਸਰੂਪ ਵੇਖੇ ਨਹੀਂ ਸਨ ਜਾਂਦੇ, ਤਾਂ ਸੱਚਾ ਸੁਆਮੀ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਸੀ?

ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ॥੬੬॥
(ਗੁਰੂ ਜੀ ਜੁਆਬ ਦਿੰਦੇ ਹਨ) ਨਾਨਕ ਕੇਵਲ ਉਹ ਹੀ ਨਿਰਲੇਪ ਹਨ ਜੋ ਨਾਮ ਨਾਲ ਰੰਗੀਜੇ ਹਨ। ਹੁਣ, ਤਦ ਅਤੇ ਸਦਾ ਉਹ ਸਚਿਆਰਾਂ ਦੇ ਪਰਮ ਸਚਿਆਰ (ਹਰੀ) ਨੂੰ ਵੇਖਦੇ ਹਨ।

ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥
ਉ. 83: ਜਦ ਦਿਲ ਤੇ ਸਰੀਰ ਨਹੀਂ ਸਨ, ਹੇ ਯੋਗੀ। ਤਦ ਮਨ ਨਿਰਲੇਪ ਸੁਆਮੀ ਅੰਦਰ ਵਸਦਾ ਸੀ।

ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥
ਉ. 84: ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ, ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ, ਸੁਆਸ ਤਦ ਆਪਣੇ ਨਿਜ ਦੇ ਗ੍ਰਹਿ ਅੰਦਰ ਟਿਕਦਾ ਸੀ।

ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ ॥
ਉ. 85: ਜਦ ਨਾਂ ਕੋਈ ਸਰੂਪ, ਨਾਂ ਚਿੰਨ੍ਹ ਅਤੇ ਨ ਹੀ ਜਾਤੀ ਸੀ, ਤਦ ਆਪਣਾ ਤਤ, ਸੂਰਤ ਅੰਦਰ ਨਾਮ, ਵੰਸ ਰਹਿਤ ਸਾਂਈਂ, ਅੰਦਰ ਵਸਦਾ ਸੀ।

ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥
ਉ. 86: ਜਦ ਨਾਂ ਦੇਹ ਮੜ੍ਹੀ, ਨਾਂ ਸੰਸਾਰ ਅਤੇ ਨਾਂ ਹੀ ਅਸਮਾਨ ਸੀ, ਤਦ ਕੇਵਲ ਸਰੂਪ ਰਹਿਤ ਸਾਈਂ ਦਾ ਪ੍ਰਕਾਸ਼ ਹੀ ਤਿੰਨਾਂ ਜਹਾਨਾਂ ਵਿੱਚ ਵਿਆਪਕ ਸੀ।

copyright GurbaniShare.com all right reserved. Email