ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥ ਉ. 87: ਜਦ ਇਕ ਸੁਆਮੀ ਦਾ ਰੰਗ, ਲਿਬਾਸ ਅਤੇ ਸਰੂਪ ਦਿਸ ਨਹੀਂ ਸਨ ਆਉਂਦੇ ਤਦ ਇਹ ਸਾਰੇ ਇਕ ਅਸਚਰਜ ਸੁਆਮੀ ਅੰਦਰ ਹੀ ਵੱਸਦੇ ਸਨ। ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥੬੭॥ ਸੱਚੇ ਨਾਮ ਦੇ ਬਾਝੋਂ ਕੋਈ ਭੀ ਪਵਿੱਤਰ ਨਹੀਂ ਹੋ ਸਕਦਾ। ਨਾਨਕ, ਵਰਣਨ ਰਹਿਤ ਹੈ, ਸਾਹਿਬ ਦੀ ਕਥਾ ਵਾਰਤਾ। ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥ (ਯੋਗੀ ਪੁਛਦੇ ਹਨ) ਪ੍ਰ. 88: ਕਿਸ, ਕਿਸ ਤਰੀਕੇ ਨਾਲ ਸੰਸਾਰ ਉਤਪੰਨ ਹੁੰਦਾ ਹੈ, ਹੇ ਪੁਰਸ਼? ਪ੍ਰ. 89: ਕਿਹੜੀਆਂ, ਕਿਹੜੀਆਂ ਬੁਰਿਆਈਆਂ ਦੁਆਰਾ ਇਹ ਨਾਸ ਹੋ ਜਾਂਦਾ ਹੈ? ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥ (ਗੁਰੂ ਜੀ ਜੁਆਬ ਦਿੰਦੇ ਹਨ) ਉ. 88: ਸਵੈ ਹੰਗਤਾ ਦੇ ਰਾਹੀਂ ਸੰਸਾਰ ਉਤਪੰਨ ਹੁੰਦਾ ਹੈ, ਹੇ ਸਾਈਂ! ਉ. 89: ਨਾਮ ਨੂੰ ਭੁਲਾ ਕੇ ਇਹ ਦੁਖ ਉਠਾਉਂਦਾ ਹੈ ਅਤੇ ਨਾਸ ਹੋ ਜਾਂਦਾ ਹੈ। ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥ ਜੋ ਗੁਰੂ ਅਨੁਸਾਰੀ ਥੀ ਵੰਝਦਾ ਹੈ, ਉਹ ਬ੍ਰਹਮ ਗਿਆਤ ਦੇ ਸਾਰ ਅੰਸ਼ ਸੋਚਦਾ, ਸਮਝਦਾ ਹੈ ਅਤੇ ਨਾਮ ਦੇ ਰਾਹੀਂ ਆਪਣੀ ਹੰਗਤ ਨੂੰ ਸਾੜ ਸੁੱਟਦਾ ਹੈ। ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ ॥ ਉਸ ਦਾ ਸਰੀਰ ਤੇ ਮਨੂਆ ਪਵਿੱਤਰ ਹੋ ਜਾਂਦੇ ਹਨ ਅਤੇ ਪਵਿੱਤਰ ਹੈ ਉਸ ਦੀ ਬੋਲ ਬਾਣੀ ਅਤੇ ਉਹ ਸੱਚੇ ਸਾਈਂ ਅੰਦਰ ਲੀਨ ਰਹਿੰਦਾ ਹੈ। ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ ॥ ਨਾਮੀ ਸੁਆਮੀ ਦੇ ਨਾਮ ਰਾਹੀਂ ਉਹ ਉਪਰਾਮਤ ਵਿੱਚੱ ਰਹਿੰਦਾ ਹੈ ਅਤੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ। ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥੬੮॥ ਨਾਨਕ, ਨਾਮ ਦੇ ਬਾਝੋਂ ਯੋਗ ਕਦਾਚਿੱਤ ਪ੍ਰਾਪਤ ਨਹੀਂ ਹੁੰਦਾ ਹੈ। ਤੂੰ ਆਪਣੇ ਹਿਰਦੇ ਵਿੱਚ ਸੋਚ ਸਮਝ ਕੇ ਵੇਖ ਲੈ। ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਰਹਿਮਤ ਦੁਆਰਾ ਸਤਿਨਾਮ ਦਾ ਚਿੰਤਨ ਕਰਦਾ ਹੈ। ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥ ਗੁਰਾਂ ਦੀ ਦਇਆ ਦੁਆਰਾ, ਸੱਚੀ ਗੁਰਬਾਣੀ ਪ੍ਰਕਾਸ਼ ਹੋ ਜਾਂਦੀ ਹੈ। ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥ ਗੁਰਾਂ ਦੀ ਦਇਆ ਦੁਆਰਾ, ਚਿੱਤ, ਪ੍ਰਭੂ ਦੀ ਪ੍ਰੀਤ ਨਾਲ ਤਰੋ ਤਰ ਹੋ ਜਾਂਦਾ ਹੈ, ਪਰ ਕੋਈ ਟਾਂਵਾਂ ਹੀ ਇਸ ਨੂੰ ਸਮਝਦਾ ਹੈ। ਗੁਰਮੁਖਿ ਨਿਜ ਘਰਿ ਵਾਸਾ ਹੋਇ ॥ ਗੁਰਾਂ ਦੀ ਦਇਆ ਦੁਆਰਾ ਬੰਦਾ ਆਪਣੇ ਨਿੱਜ ਅਸਥਾਨ ਵਿੱਚ ਵਸਦਾ ਹੈ। ਗੁਰਮੁਖਿ ਜੋਗੀ ਜੁਗਤਿ ਪਛਾਣੈ ॥ ਗੁਰਾਂ ਦੇ ਰਾਹੀਂ ਯੋਗੀ, ਯੋਗ ਦੇ ਮਾਰਗ ਨੂੰ ਜਾਣ ਲੈਂਦਾ ਹੈ। ਗੁਰਮੁਖਿ ਨਾਨਕ ਏਕੋ ਜਾਣੈ ॥੬੯॥ ਗੁਰੂ ਅਨੁਸਾਰੀ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹੈ। ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥ ਸੱਚੇ ਗੁਰਾਂ ਦੀ ਸੇਵਾ ਬਾਝੋਂ ਯੋਗ ਪ੍ਰਾਪਤ ਨਹੀਂ ਹੁੰਦਾ। ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥ ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਕੋਈ ਭੀ ਬੰਦਖਲਾਸ ਨਹੀਂ ਹੁੰਦਾ। ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥ ਸੱਚੇ ਗੁਰਾਂ ਨੂੰ ਮਿਲਣ ਬਗੈਰ ਨਾਮ ਪ੍ਰਾਪਤ ਨਹੀਂ ਹੁੰਦਾ। ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥ ਸੱਚੇ ਗੁਰਾਂ ਦੇ ਮਿਲਣ ਬਾਝੋਂ ਇਨਸਾਨ ਪਰਮ ਕਸ਼ਟ ਉਠਾਉਂਦਾ ਹੈ। ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥ ਸੱਚੇ ਗੁਰਾਂ ਨਾਲ ਮਿਲਣ ਦੇ ਬਗੈਰ, ਪ੍ਰਾਨੀ ਹੰਗਤਾਂ ਦੇ ਅਤਿਅੰਤ ਅਨ੍ਹੇਰੇ ਅੰਦਰ ਵਸਦਾ ਹੈ। ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥ ਨਾਨਕ, ਗੁਰੂ ਮਹਾਰਾਜ ਦੇ ਬਗੈਰ ਇਨਸਾਨ ਆਪਣਾ ਜੀਵਨ ਗੁਆ, ਅੰਤ ਨੂੰ ਮਰ ਜਾਂਦਾ ਹੈ। ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥ ਆਪਣੀ ਹੰਗਤਾਂ ਨੂੰ ਮੇਟ ਕੇ ਗੁਰੂ ਅਨੁਸਾਰੀ ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥ ਗੁਰੂ ਅਨੁਸਾਰੀ ਸੱਚੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦਾ ਹੈ। ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥ ਗੁਰੂ ਅਨੁਸਾਰੀ ਜਗਤ ਨੂੰ ਜਿੱਤ ਲੈਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਨੂੰ ਢਾਹ ਕੇ ਮਾਰ ਸੁੱਟਦਾ ਹੈ। ਗੁਰਮੁਖਿ ਦਰਗਹ ਨ ਆਵੈ ਹਾਰਿ ॥ ਗੁਰੂ ਅਨੁਸਾਰੀ ਸਾਈਂ ਦੇ ਦਰਬਾਰ ਵਿੱਚ ਹਾਰ ਨਹੀਂ ਖਾਂਦਾ। ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥ ਕੇਵਲ ਉਹ ਹੀ, ਜਿਸ ਨੂੰ ਸਾਈਂ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈ, ਉਸ ਦੀ ਕਦਰ ਨੂੰ ਜਾਣਦਾ ਹੈ। ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥ ਨਾਨਕ, ਗੁਰਾਂ ਦੇ ਰਾਹੀਂ ਹੀ ਇਨਸਾਨ, ਸੁਆਮੀ ਨੂੰ ਅਨੁਭਵ ਕਰਦਾ ਹੈ। ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਇਹ ਹੈ ਧਰਮ ਵਾਰਤਾ ਦਾ ਨਿਚੋੜ, ਤੂੰ ਸ੍ਰਵਣ ਕਰ, ਹੇ ਯੋਗੀ। ਕਿ ਨਾਮ ਦੇ ਬਾਝੋਂ ਯੋਗ ਕਮਾਇਆ ਨਹੀਂ ਜਾ ਸਕਦਾ। ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥ ਜੋ ਨਾਮ ਨਾਲ ਰੰਗੀਜੇ ਹਨ, ਉਹ ਰੈਣ ਦਿਹੁੰ ਮਤਵਾਲੇ ਵਿਚਰਦੇ ਹਨ। ਨਾਮ ਦੇ ਰਾਹੀਂ ਉਹ ਆਰਾਮ ਚੈਨ ਪਾਉਂਦੇ ਹਨ। ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥ ਨਾਮ ਦੇ ਰਾਹੀਂ ਸਾਰੇ ਪ੍ਰਸਿੱਧ ਹੁੰਦੇ ਹਨ। ਨਾਮ ਦੇ ਰਾਹੀਂ ਹੀ ਸਮਝ ਪ੍ਰਾਪਤ ਹੁੰਦੀ ਹੈ। ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ ਨਾਮ ਦੇ ਬਾਝੋਂ ਇਨਸਾਨ ਘਣੇਰੇ ਧਾਰਮਕ ਬਾਣੇ ਪਹਿਰਦੇ ਹਨ ਅਤੇ ਸੱਚੇ ਸੁਆਮੀ ਨੇ ਖੁਦ ਹੀ ਉਨ੍ਹਾਂ ਨੂੰ ਕੁਰਾਹੇ ਪਾਇਆ ਹੋਇਆ ਹੈ। ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥ ਸੱਚੇ ਗੁਰਾਂ ਪਾਸੋਂ ਨਾਮ ਪ੍ਰਾਪਤ ਹੁੰਦਾ ਹੈ, ਹੇ ਯੋਗੀ ਅਤੇ ਤਦ ਇਨਸਾਨ ਯੋਗ ਦੇ ਮਾਰਗ ਨੂੰ ਜਾਣ ਲੈਂਦਾ ਹੈ। ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥ ਤੂੰ ਆਪਣੇ ਚਿੱਤ ਅੰਦਰ ਸੋਚ ਸਮਝ ਕੇ ਵੇਖ ਲੈ ਕਿ ਨਾਮ ਦੇ ਬਾਝੋਂ ਆਦਮੀ ਮੁਕਤ ਨਹੀਂ ਹੁੰਦਾ ਹੇ ਨਾਨਕ! ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥ ਤੇਰੀ ਅਵਸਥਾ ਅਤੇ ਅੰਦਾਜ਼ੇ ਨੂੰ ਕੇਵਲ ਤੂੰ ਹੀ ਜਾਣਦਾ ਹੈਂ ਹੇ ਪ੍ਰਭੂ! ਹੋਰ ਕੋਈ ਜਣਾ ਕੀ ਕਹਿ ਅਤੇ ਵਰਨਣ ਕਰ ਸਕਦਾ ਹੈ? ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥ ਤੂੰ ਆਪ ਪੋਸ਼ੀਦਾ ਹੈ, ਆਪ ਹੀ ਪਰਤੱਖ ਅਤੇ ਆਪ ਹੀ ਸਾਰੀਆਂ ਖੁਸ਼ੀਆਂ ਨੂੰ ਭੋਗਦਾ ਹੈਂ। ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥ ਬਹੁਤ ਸਾਰੇ ਅਭਿਆਸੀ, ਪੂਰਨ ਪੁਰਸ਼, ਰੂਹਾਨੀ ਰਹਿਬਰ ਤੇ ਮੁਰੀਦ ਤੇਰੀ ਰਜ਼ਾ ਅੰਦਰ ਤੈਨੂੰ ਲੱਭਦੇ ਫਿਰਦੇ ਹਨ। ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥ ਉਹ ਤੇਰੇ ਕੋਲੋਂ ਤੇਰੇ ਨਾਮ ਦੀ ਜਾਚਨਾ ਕਰਦੇ ਹਨ ਅਤੇ ਤੂੰ ਉਨ੍ਹਾਂ ਨੂੰ ਇਹ ਖੈਰ ਪਾਉਂਦਾ ਹੈਂ। ਤੇਰੇ ਦੀਦਾਰ ਉੱਤੋਂ, ਤੇ ਮੇਰੇ ਸੁਆਮੀ! ਮੈਂ ਸਦਕੇ ਜਾਂਦਾ ਹਾਂ। ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥ ਨਾਸ ਰਹਿਤ ਸੁਆਮੀ ਨੇ ਇਹ ਖੇਡ ਬਣਾਈ ਹੈ। ਗੁਰਾਂ ਦੇ ਰਾਹੀਂ ਹੀ ਇਨਸਾਨ ਇਸ ਨੂੰ ਸਮਝਦਾ ਹੈ। ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥ ਨਾਨਕ, ਸਾਹਬ ਖੁਦ ਸਾਰਿਆਂ ਜੁੱਗਾਂ ਅੰਦਰ ਵਿਆਪਕ ਹੈ। ਉਸ ਦੇ ਬਿਨਾ ਹੋਰ ਕੋਈ ਦੂਸਰਾ ਹੈ ਹੀ ਨਹੀਂ। copyright GurbaniShare.com all right reserved. Email |