ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਜਿਸ ਤਰ੍ਹਾਂ ਧਾਤੂ ਅੱਗ ਨਾਲ ਸਾਫ ਸੁਥਰੀ ਹੋ ਜਾਂਦੀ ਹੈ, ਏਸੇ ਤਰ੍ਹਾਂ ਹੀ ਵਾਹਿਗੁਰੂ ਦਾ ਡਰ ਮੈਲੇ ਮਨ ਦੀ ਮਲੀਣਤਾ ਨੂੰ ਨਾਸ਼ ਕਰ ਦਿੰਦਾ ਹੈ। ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥ ਨਾਨਕ, ਸੁਨੱਖੇ ਹਨ ਉਹ ਪੁਰਸ਼ ਜੋ ਪ੍ਰਭੂ ਦੀ ਪ੍ਰੀਤ ਧਾਰਨ ਕਰਨ ਦੁਆਰਾ ਰੰਗੇ ਗਏ ਹਨ। ਮਃ ੩ ॥ ਤੀਜੀ ਪਾਤਸ਼ਾਹੀ। ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥ ਰਾਮਕਲੀ ਰਾਗ ਰਾਹੀਂ ਮੈਂ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਇਆ ਹੈ, ਤਾਂ ਹੀ ਮੈਂ ਸ਼ਸ਼ੋਭਤ ਹੋਈ ਜਾਣੀ ਜਾਂਦੀ ਹਾਂ। ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥ ਜਦੋਂ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਦਿਲ ਕੰਵਲ ਖਿੜ ਗਿਆ, ਤਦ ਪ੍ਰਭੂ ਨੇ ਮੈਨੂੰ ਆਪਣੀ ਸ਼ਰਧਾ, ਪ੍ਰੇਮ ਦਾ ਖ਼ਜਾਨਾ ਬਖਸ਼ ਦਿੱਤਾ। ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥ ਜਦ ਮੇਰਾ ਵਹਿਮ ਦੂਰ ਹੋ ਗਿਆ, ਤਦ ਮੈਂ ਜਾਗ ਉਠਿੱਆ, ਅਤੇ ਮੇਰੀ ਬੇਸਮਝੀ ਦਾ ਅਨ੍ਹੇਰਾ ਮਿਟ ਗਿਆ। ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥ ਜੋ ਆਪਣੇ ਪ੍ਰਭੂ ਨਾਂ ਪ੍ਰੇਮ ਕਰਦੀ ਹੈ ਉਸ ਨੂੰ ਅਤਿਅੰਤ ਸੁੰਦਰਤਾ ਦੀ ਦਾਤ ਮਿਲਦੀ ਹੈ। ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥ ਐਹੋ ਜਿਹੀ ਸੁਭਾਇਮਾਨ ਪਤਨੀ ਸਦੀਵ ਹੀ ਆਪਣੇ ਪਤੀ ਨੂੰ ਮਾਣਦੀ ਹੈ। ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥ ਆਪ ਹੁਦਰੀਆਂ ਪਤਨੀਆਂ ਆਪਣੇ ਆਪ ਨੂੰ ਨਾਮ ਨਾਲ ਸ਼ਿੰਗਾਰਨਾ ਨਹੀਂ ਜਾਣਦੀਆਂ, ਇਸ ਲਈ ਉਹ ਆਪਣਾ ਸਮੂਹ ਜੀਵਨ ਗੁਆ ਕੇ ਟੁਰ ਜਾਂਦੀਆਂ ਹਨ। ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥ ਜੋ ਸੁਆਮੀ ਦੇ ਸਿਮਰਨ ਦੇ ਬਗੈਰ ਹੋਰ ਕਿਸੇ ਸ਼ੈ ਨਾਲ ਆਪਣੇ ਆਪ ਨੂੰ ਸ਼ਸ਼ੋਭਤ ਕਰਦੇ ਹਨ ਉਹ ਸਦਾ ਹੀ ਜੰਮਦੇ ਅਤੇ ਖੱਜਲ ਖੁਆਰ ਹੁੰਦੇ ਹਨ। ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥ ਉਹ ਇਸ ਜਹਾਨ ਅੰਦਰ ਇਜ਼ੱਤ ਆਬਰੂ ਨਹੀਂ ਪਾਉਂਦੇ ਅਤੇ ਏਦੂੰ ਮਗਰੋਂ ਸਿਰਜਣਹਾਰ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕਰੂਗਾ, ਉਸ ਨੂੰ ਕੇਵਲ ਉਹ ਹੀ ਜਾਣਦਾ ਹੈ। ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥ ਨਾਨਕ, ਕੇਵਲ ਸੱਚਾ ਸਾਈਂ ਹੀ ਹਮੇਸ਼ਾਂ ਲਈ ਜੀਉਂਦਾ ਜਾਗਦਾ ਹੈ, ਜਦ ਕਿ ਦੁਨੀਆਂ ਮਰਨ ਤੇ ਜੰਮਣ ਦੋਹਾਂ ਦੇ ਵੱਸ ਵਿੱਚ ਹੈ। ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥ ਵਾਹਿਗੁਰੂ ਆਪੇ ਹੀ ਪ੍ਰਾਨੀਆਂ ਨੂੰ ਨੇਕੀ ਤੇ ਬਦੀ ਨਾਲ ਜੋੜਦਾ ਹੈ। ਉਹ, ਕੇਵਲ ਉਹ ਹੀ ਕਰਦੇ ਹਨ, ਜੋ ਸਿਰਜਣਹਾਰ ਉਨ੍ਹਾਂ ਕੋਲੋਂ ਕਰਵਾਉਂਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਠੰਢ ਚੈਨ ਪ੍ਰਾਪਤ ਨਹੀਂ ਹੁੰਦੀ। ਸੱਚੇ ਗੁਰਾਂ ਦੇ ਬਾਝੋਂ ਇਸ ਦੀ ਪ੍ਰਾਪਤੀ ਦੀ ਹੋਰ ਕੋਈ ਥਾਂ ਨਹੀਂ। ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਨ ਜਾਇ ॥ ਆਦਮੀ ਜਿੰਨੀ ਬਹੁਤੀ ਚਾਹਨਾ ਪਿਆ ਕਰੇ, ਐਹੋ ਜੇਹੀ ਲਿਖੀ ਹੋਈ ਪ੍ਰਾਲਭਦ ਦੇ ਬਾਝੋਂ ਗੁਰੂ ਜੀ ਉਸ ਨੂੰ ਪ੍ਰਾਪਤ ਨਹੀਂ ਹੁੰਦਾ। ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ ॥ ਜਿਸਦੇ ਹਿਰਦੇ ਅੰਦਰ ਲਾਲਚ ਦਾ ਪਾਪ ਹੈ ਉਹ ਹੋਰਸ ਦੇ ਪਿਆਰ ਰਾਹੀਂ ਬਰਬਾਦ ਹੋ ਜਾਂਦਾ ਹੈ। ਤਿਨ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ ਉਸ ਦੇ ਜੰਮਣੇ ਅਤੇ ਮਰਣੇ ਮੁਕਦੇ ਨਹੀਂ ਅਤੇ ਹੰਕਾਰ ਅੰਦਰ ਖੱਚਤ ਹੋਇਆ ਹੋਇਆ ਉਹ ਦੁਖ ਉਠਾਉਂਦਾ ਹੈ। ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ ॥ ਜੋ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦੇ ਹਨ, ਉਨ੍ਹਾਂ ਵਿਚੋਂ ਕੋਈ ਭੀ ਸੱਖਣੇ ਹੱਥ ਨਹੀਂ ਰਹਿੰਦਾ। ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ ਉਨ੍ਹਾਂ ਨੂੰ ਮੌਤ ਦਾ ਦੂਤ ਪੁਛ ਨਹੀਂ ਕਰਦਾ, ਨਾਂ ਹੀ ਉਹ ਕਸ਼ਟ ਸਹਾਰਦੇ ਹਨ। ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥ ਨਾਨਕ ਗੁਰਾਂ ਦੀ ਰਹਿਮਤ ਸਦਕਾ ਉਹ ਮੁਕਤ ਹੋ ਜਾਂਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਥੀ ਵੰਝਦੇ ਹਨ। ਪਉੜੀ ॥ ਪਉੜੀ। ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥ ਆਪ ਸੁਆਮੀ ਸਦੀਵ ਹੀ ਨਿਰਲੇਪ ਵਿਚਰਦਾ ਹੈ, ਹੋਰ ਸਾਰੇ ਸੰਸਾਰੀ ਵਿਹਾਰਾਂ ਅੰਦਰ ਭੱਜੇ ਫਿਰਦੇ ਹਨ। ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ ॥ ਆਪ ਹਰੀ ਸਦੀਵੀ ਸਥਿਰ ਅਤੇ ਅਹਿੱਲ ਹੈ। ਹੋਰ ਆਉਂਦੇ ਤੇ ਜਾਂਦੇ ਰਹਿੰਦੇ ਹਨ। ਸਦਾ ਸਦਾ ਹਰਿ ਧਿਆਈਐ ਗੁਰਮੁਖਿ ਸੁਖੁ ਪਾਵਹਿ ॥ ਸਦੀਵ, ਸਦੀਵ ਹੀ ਸੁਆਮੀ ਦਾ ਸਿਮਰਨ ਕਰਨ ਦੁਆਰਾ ਪਵਿੱਤਰ ਪੁਰਸ਼ ਸੁਖ ਪਾਉਂਦੇ ਹਨ। ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ ॥ ਉਹ ਆਪਣੇ ਨਿਜੱ ਘਰ ਅੰਦਰ ਵਸਦੇ ਹਨ ਅਤੇ ਸੱਚੇ ਸਾਹਿਬ ਦੀ ਸਿਫ਼ਤ ਸਲਾਹ ਅੰਦਰ ਲੀਨ ਥੀ ਵੰਝਦੇ ਹਨ। ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥ ਡੂੰਘਾ ਅਤੇ ਅਥਾਹ ਹੈ ਸੱਚਾ ਸੁਆਮੀ। ਗੁਰਾਂ ਦੀ ਬਾਣੀ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ। ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥ ਤੂੰ ਸੱਚੇ ਨਾਮ ਦਾ ਆਰਾਧਨ ਕਰ। ਸੱਚਾ ਸਾਈਂ ਸਾਰੀ ਥਾਂਈਂ ਵਿਆਪਕ ਹੋ ਰਿਹਾ ਹੈ। ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥ ਨਾਨਕ, ਜਿਹੜਾ ਸਾਹਿਬ ਦੀ ਰਜ਼ਾ ਨੂੰ ਸਮਝਦਾ ਹੈ, ਉਹ ਸੱਚ ਦੇ ਮੇਵੇ ਨੂੰ ਪਾ ਲੈਂਦਾ ਹੈ। ਕਥਨੀ ਬਦਨੀ ਕਰਤਾ ਫਿਰੈ ਹੁਕਮੁ ਨ ਬੂਝੈ ਸਚੁ ॥ ਜੋ ਕੇਵਲ ਮੂੰਹ ਜਬਾਨੀ ਹੀ ਗੱਲਾਂ ਬਾਤਾਂ ਕਰਦਾ ਫਿਰਦਾ ਹੈ, ਉਹ ਸੱਚੇ ਸਾਹਿਬ ਦੇ ਫਰਮਾਨ ਨੂੰ ਨਹੀਂ ਸਮਝਦਾ। ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥ ਨਾਨਕ, ਜੋ ਵਾਹਿਗੁਰੂ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਹੀ ਉਸ ਦਾ ਸਰਧਾਲੂ ਹੈ। ਇਸ ਨੂੰ ਕਬੂਲ ਕਰਨ ਦੇ ਬਾਝੋਂ ਇਨਸਾਨ ਕੂੜਿਆਂ ਦਾ ਪਰਮ ਕੂੜਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥ ਅਧਰਮੀ ਨਹੀਂ ਜਾਣਦੇ ਕਿ ਮਿੱਠੀ ਬੋਲ ਬਾਣੀ ਕੀ ਹੈ। ਉਨ੍ਹਾਂ ਦੇ ਅੰਦਰ ਵਿਸ਼ੇ ਭੋਗ, ਗੁੱਸਾ ਅਤੇ ਹੰਗਤਾ ਹੈ। ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥ ਉਹ ਮੁਨਾਸਬ ਜਗ੍ਹਾ, ਤੇ ਨਾਂ ਮੁਨਾਸਬ ਜਗ੍ਹਾ, ਨੂੰ ਨਹੀਂ ਜਾਣਦੇ। ਉਨ੍ਹਾਂ ਦੇ ਦਿਲ ਵਿੱਚ ਲਾਲਚ ਅਤੇ ਪਾਪ ਹੈ। ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ ॥ ਉਹ ਆਪਣੇ ਮਤਲਬ ਲਈ ਆ ਕੇ ਬੈਠਦੇ ਤੇ ਗੱਲਾਂ ਕਰਦੇ ਹਨ। ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ। ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥ ਏਦੂੰ ਮਗਰੋਂ ਪ੍ਰਾਨੀਆਂ ਪਾਸੋਂ ਪ੍ਰਭੂ ਦੇ ਦਰਬਾਰ ਅੰਦਰ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ। ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥ ਕੂੜੇ ਬੰਦੇ ਕੁੱਟ ਫਾਟ ਕੇ ਬੇਇਜ਼ੱਤ ਕੀਤੇ ਜਾਂਦੇ ਹਨ। ਇਸ ਝੂਠ ਦੀ ਮਲੀਣਤਾ ਕਿਸ ਤਰ੍ਹਾਂ ਧੋਤੀ ਜਾ ਸਕਦੀ ਹੈ? ਕੋਈ ਜਣਾ ਸੋਚ ਵਿਚਾਰ ਕੇ ਇਸ ਦੀ ਰਸਤਾ ਲੱਭੇ। ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ ॥ ਜੇਕਰ ਸੱਚੇ ਗੁਰੂ ਜੀ ਇਨਸਾਨ ਨੂੰ ਮਿਲ ਪੈਣ, ਤਦ ਉਹ ਉਸ ਦੇ ਅੰਦਰ ਨਾਮ ਪੱਕਾ ਕਰਦੇ ਹਨ ਜੋ ਉਸ ਦੇ ਸਮੂਹ ਪਾਪਾਂ ਨੂੰ ਨਾਸ ਕਰ ਦਿੰਦਾ ਹੈ। ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥ ਸਾਰੇ ਜਣੇ ਉਹ ਪ੍ਰਾਨੀ ਨੂੰ ਪ੍ਰਣਾਮ ਕਰੋ ਜੋ ਨਾਮ ਦਾ ਉਚਾਰਨ ਕਰਦਾ ਹੈ ਅਤੇ ਨਾਮ ਨੂੰ ਹੀ ਸਿਮਰਦਾ ਹੈ। copyright GurbaniShare.com all right reserved. Email |