ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥ ਗੁਰੂ ਤੇ ਰੂਹਾਨੀ ਰਹਿਬਰ ਬਾਝੋਂ ਕੋਈ ਭੀ ਪਰਵਾਨ ਨਹੀਂ ਹੁੰਦਾ। ਰਾਹੁ ਦਸਾਇ ਓਥੈ ਕੋ ਜਾਇ ॥ ਜੇਕਰ ਮਾਰਗ ਦੱਸ ਭੀ ਦਿੱਤਾ ਜਾਵੇ ਤਾਂ ਭੀ ਉੱਥੇ ਕੋਈ ਵਿਰਲਾ ਹੀ ਪੁੱਜਦਾ ਹੈ। ਕਰਣੀ ਬਾਝਹੁ ਭਿਸਤਿ ਨ ਪਾਇ ॥ ਚੰਗੇ ਅਮਲਾਂ ਦੇ ਬਗੈਰ ਸਵਰਗ ਪਰਾਪਤ ਨਹੀਂ ਹੁੰਦਾ। ਜੋਗੀ ਕੈ ਘਰਿ ਜੁਗਤਿ ਦਸਾਈ ॥ ਰੱਬ ਦਾ ਰਸਤਾ ਪੁੱਛਣ ਲਈ ਇਨਸਾਨ ਯੋਗੀ ਦੇ ਆਸ਼ਰਮ ਨੂੰ ਜਾਂਦਾ ਹੈ। ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥ ਉਸ ਮਨੋਰਥ ਲਈ ਉਹ ਉਸ ਦੇ ਕੰਨਾਂ ਵਿੱਚ ਕੁੰਡਲ ਪਾ ਦਿੰਦਾ ਹੈ। ਮੁੰਦ੍ਰਾ ਪਾਇ ਫਿਰੈ ਸੰਸਾਰਿ ॥ ਕੰਨਾਂ ਦੇ ਕੁੰਡਲ ਪਹਿਨ ਕੇ, ਉਹ ਜੱਗ ਅੰਦਰ ਭਉਂਦਾ ਹੈ। ਜਿਥੈ ਕਿਥੈ ਸਿਰਜਣਹਾਰੁ ॥ ਉਹ ਅਨੁਭਵ ਨਹੀਂ ਕਰਦਾ ਕਿ ਰਚਨਹਾਰ ਸੁਆਮੀ ਹਰ ਥਾਂ ਉੱਤੇ ਹੈ। ਜੇਤੇ ਜੀਅ ਤੇਤੇ ਵਾਟਾਊ ॥ ਜਿੰਨੇ ਭੀ ਜੀਵ ਹਨ ਉਹ ਸਾਰੇ ਹੀ ਰਾਹੀ ਹਨ। ਚੀਰੀ ਆਈ ਢਿਲ ਨ ਕਾਊ ॥ ਜਦ ਮੌਤ ਦਾ ਪਰਵਾਨਾ ਆ ਜਾਂਦਾ ਹੈ, ਕੋਈ ਜਣਾ ਭੀ ਕੋਈ ਦੇਰੀ ਨਹੀਂ ਕਰ ਸਕਦਾ। ਏਥੈ ਜਾਣੈ ਸੁ ਜਾਇ ਸਿਞਾਣੈ ॥ ਜੋ ਸੁਆਮੀ ਨੂੰ ਏਥੇ ਜਾਣਦਾ ਹੈ, ਉਹ ਉਸ ਨੂੰ ਉਸ ਜਗ੍ਹਾ ਉੱਤੇ ਪਛਾਣ ਲੈਂਦਾ ਹੈ। ਹੋਰੁ ਫਕੜੁ ਹਿੰਦੂ ਮੁਸਲਮਾਣੈ ॥ ਹੋਰ ਭਾਵੇਂ ਹਿੰਦੂ ਜਾਂ ਮੁਸਲਮਾਨ, ਕੇਵਲ ਬਕਵਾਦੀ ਹੀ ਹਨ। ਸਭਨਾ ਕਾ ਦਰਿ ਲੇਖਾ ਹੋਇ ॥ ਸਾਰੇ ਪ੍ਰਾਨੀਆਂ ਦਾ ਹਿਸਾਬ ਕਿਤਾਬ ਸਾਈਂ ਦੇ ਦਰਬਾਰ ਅੰਦਰ ਲਿਆ ਜਾਂਦਾ ਹੈ, ਕਰਣੀ ਬਾਝਹੁ ਤਰੈ ਨ ਕੋਇ ॥ ਤੇ ਚੰਗੇ ਅਮਲਾਂ ਦੇ ਬਿਨਾਂ ਕੋਈ ਭੀ ਪਾਰ ਨਹੀਂ ਉਤੱਰਦਾ। ਸਚੋ ਸਚੁ ਵਖਾਣੈ ਕੋਇ ॥ ਜੋ ਸਚਿਆਰਾਂ ਦੇ ਧਰਮ ਸਚਿਆਰ ਦੇ ਨਾਮ ਨੂੰ ਉਚਾਰਦਾ ਹੈ, ਨਾਨਕ ਅਗੈ ਪੁਛ ਨ ਹੋਇ ॥੨॥ ਹੇ ਨਾਨਕ। ਉਸ ਪਾਸੋਂ ਏਦੂੰ ਮਗਰੋਂ ਲੇਖਾ-ਪੱਤਾ ਨਹੀਂ ਮੰਗਿਆ ਜਾਂਦਾ। ਪਉੜੀ ॥ ਪਉੜੀ। ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥ ਫਸੀਲ ਵਾਲਾ ਦੇਹ ਦਾ ਕਿਲ੍ਹਾ, ਮਾਲਕ ਦਾ ਮਹਿਲ ਕਿਹਾ ਜਾਂਦਾ ਹੈ। ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥ ਗੁਰਾਂ ਦੀ ਦਇਆ ਰਾਹੀਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਇਸ ਦੇ ਅੰਦਰੋਂ, ਪ੍ਰਾਨੀ, ਰਤਨ ਅਤੇ ਜਵਾਹਿਰਾਤ ਲੱਭ ਲੈਂਦਾ ਹੈ। ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥ ਤੂੰ ਆਪਣੀ ਦੇਹ ਦੇ ਵਿੱਚ ਸੁਆਮੀ ਮਾਲਕ ਦੇ ਨਾਮਾਂ ਨੂੰ ਅਸਥਾਪਨ ਕਰ, ਜੋ ਕਿ ਵਾਹਿਗੁਰੂ ਦਾ ਇਕ ਪਰਮ ਸੁੰਦਰ ਮਹਿਲ ਹੈ। ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥ ਆਪ ਹੁਦਰੇ ਸਦੀਵ ਹੀ ਧਨ ਦੌਲਤਾਂ ਦੀ ਮਮਤਾ ਵਿੱਚੱ ਉਬਲਦੇ ਹਨ ਤੇ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ। ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥੧੧॥ ਇਕੱ ਵਾਹਿਗੁਰੂ ਹੀ ਸਾਰਿਆਂ ਦਾ ਸੁਆਮੀ ਹੈ। ਪੂਰਨ ਪ੍ਰਾਲਭਦ ਰਾਹੀਂ ਹੀ ਉਹ ਪਾਇਆ ਜਾਂਦਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹਿ। ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥ ਤਕਲੀਫ ਰਾਹੀਂ ਕੋਈ ਸਿੱਧੀ ਨਹੀਂ। ਆਰਾਮ ਰਾਹੀਂ ਭੀ ਕੋਈ ਸਿੱਧੀ ਨਹੀਂ ਅਤੇ ਨਾਂ ਹੀ ਸਿੱਧੀ ਹੈ ਜਲ ਵਿੱਚ ਜੀਵਾਂ ਦੀ ਤਰ੍ਹਾਂ ਚੱਕਰ ਕੱਟਣ ਵਿੱਚ। ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ ਸੱਚਾ ਸੁਆਮੀ ਸਿਰ ਦੇ ਵਾਲ ਮੁਨਾਉਣ ਦੁਆਰਾ ਨਹੀਂ ਮਿਲਦਾ, ਨਾਂ ਹੀ ਸੱਚਾ ਸੁਆਮੀ ਪਰਾਪਤ ਹੁੰਦਾ ਹੈ ਪੜ੍ਹਨ ਜਾਂ ਦੇਸ਼ ਵਿੱਚ ਰਟਨ ਕਰਨ ਦੁਆਰਾ। ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥ ਪੂਰਨਤਾ ਨਹੀਂ ਹੈ ਦਰਖਤਾਂ, ਪੌਦਿਆਂ ਅਤੇ ਪੱਥਰਾਂ ਵਿੱਚ ਵੱਸਣ ਦੁਆਰਾ, ਨਾਂ ਹੀ ਇਹ ਹੈ ਆਪਣੇ ਆਪ ਨੂੰ ਛਿਲਾਉਣ ਜਾਂ ਕਸ਼ਟ ਸਹਾਰਨ ਵਿੱਚ। ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥ ਹਾਥੀਆਂ ਨੂੰ ਜੰਜ਼ੀਰਾਂ ਨਾਲ ਜਕੜਨ ਦੁਆਰਾ ਪੂਰਨਤਾ ਪਰਾਪਤ ਨਹੀਂ ਹੁੰਦੀ, ਨਾਂ ਹੀ ਪੂਰਨਤਾ ਪਰਾਪਤ ਹੁੰਦੀ ਹੈ ਗਾਈਆਂ ਨੂੰ ਘਾਅ ਚਰਾਉਣ ਦੁਆਰਾ। ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥ ਜਿਸ ਦੇ ਹੱਥ ਵਿੱਚ ਪੂਰਨਤਾ ਹੈ, ਜੇਕਰ ਉਹ ਪ੍ਰਦਾਨ ਕਰੇ, ਕੇਵਲ ਤਾਂ ਹੀ ਆਦਮੀ ਇਸ ਨੂੰ ਹਾਸਲ ਕਰਦਾ ਹੈ, ਜਿਸਨੂੰ ਉਹ ਦਿੰਦਾ ਹੈ, ਉਸ ਨੂੰ ਹੀ ਇਹ ਪਰਾਪਤ ਹੁੰਦੀ ਹੈ। ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥ ਨਾਨਕ ਕੇਵਲ ਉਸ ਨੂੰ ਹੀ ਪ੍ਰਭਤਾ ਪਰਦਾਨ ਹੁੰਦੀ ਹੈ, ਜਿਸ ਦੇ ਹਿਰਦੇ ਅੰਦਰ ਨਾਮ ਰਮਿਆ ਹੋਇਆ ਹੈ। ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥ ਸੁਆਮੀ ਆਖਦਾ ਹੈ, "ਸਾਰੇ ਸਰੀਰ ਮੇਰੇ ਹਨ ਅਤੇ ਮੈਂ ਸਾਰਿਆਂ ਦੇ ਅੰਦਰ ਹਾਂ। ਉਸ ਨੂੰ ਰਸਤਾ ਕੌਣ ਦੱਸ ਸਕਦਾ ਹੈ, ਜਿਸਨੂੰ ਮੈਂ ਭੁਲਾਇਆ ਹੋਇਆ ਹੈ? ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥ ਜਿਸ ਨੂੰ ਮੈਂ ਰਸਤਾ ਵਿਖਾਲਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ? ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥ ਉਸ ਨੂੰ ਮਾਰਗ ਕੌਣ ਵਿਖਾਲ ਸਕਦਾ ਹੈ, ਜਿਸ ਨੂੰ ਮੈਂ ਐਨ ਅਰੰਭ ਤੋਂ ਹੀ ਕੁਰਾਹੇ ਪਾ ਦਿੰਦਾ ਹਾਂ? ਮਃ ੧ ॥ ਪਹਿਲੀ ਪਾਤਸ਼ਾਹੀ। ਸੋ ਗਿਰਹੀ ਜੋ ਨਿਗ੍ਰਹੁ ਕਰੈ ॥ ਕੇਵਲ ਉਹ ਹੀ ਗ੍ਰਹਿਸਤੀ ਹੈ ਜੋ ਆਪਣੇ ਵਿਸ਼ੇ ਵੇਗ ਨੂੰ ਰੋਕਦਾ ਹੈ, ਜਪੁ ਤਪੁ ਸੰਜਮੁ ਭੀਖਿਆ ਕਰੈ ॥ ਅਤੇ ਸਾਈਂ ਪਾਸੋਂ ਸਿਮਰਨ ਕਰੜੀ ਘਾਲ ਤੇ ਸਵੈ ਜਬਤ ਮੰਗਦਾ ਹੈ। ਪੁੰਨ ਦਾਨ ਕਾ ਕਰੇ ਸਰੀਰੁ ॥ ਜਿਹੜਾ ਕੋਈ ਆਪਣੀ ਦੇਹ ਨਾਲ ਜਿੰਨਾ ਭੀ ਉਹ ਕਰ ਸਕਦਾ ਹੈ, ਸੋ ਗਿਰਹੀ ਗੰਗਾ ਕਾ ਨੀਰੁ ॥ ਖੈਰਾਤ ਤੇ ਸਖਾਵਤ ਵਿੱਚ ਦਿੰਦਾ ਹੈ, ਉਹ ਗ੍ਰਹਿਸਤੀ ਗੰਗਾ ਦੇ ਪਾਣੀ ਵਰਗਾ ਪਵਿੱਤਰ ਹੈ। ਬੋਲੈ ਈਸਰੁ ਸਤਿ ਸਰੂਪੁ ॥ ਗੁਰੂ ਜੀ ਫੁਰਮਾਉਂਦੇ ਹਨ, ਤੂੰ ਸੁਣ, ਹੇ ਈਸ਼ਰ! ਪ੍ਰਭੂ ਸੱਚ ਦਾ ਪੁੰਜ ਹੈ। ਪਰਮ ਤੰਤ ਮਹਿ ਰੇਖ ਨ ਰੂਪੁ ॥੨॥ ਮਹਾਨ ਅਸਲੀਅਤ (ਵਾਹਿਗੁਰੂ) ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ। ਮਃ ੧ ॥ ਪਹਿਲੀ ਪਾਤਸ਼ਾਹੀ। ਸੋ ਅਉਧੂਤੀ ਜੋ ਧੂਪੈ ਆਪੁ ॥ ਕੇਵਲ ਉਹ ਹੀ ਵਿਰਕਤ ਹੈ, ਜੋ ਆਪਣੀ ਸਵੈ ਹੰਗਤਾ ਨੂੰ ਸਾੜ ਸੁੱਟਦਾ ਹੈ। ਭਿਖਿਆ ਭੋਜਨੁ ਕਰੈ ਸੰਤਾਪੁ ॥ ਕਰੜੀ ਘਾਲ ਨੂੰ, ਉਹ ਆਪਣਾ ਮੰਗ ਦੇ ਲਿਆਂਦਾ ਹੋਇਆ ਖਾਣਾ ਬਣਾਉਂਦਾ ਹੈ। ਅਉਹਠ ਪਟਣ ਮਹਿ ਭੀਖਿਆ ਕਰੈ ॥ ਜੋ ਹਿਰਦੇ ਦੇ ਕਸਬੇ ਅੰਦਰ ਖੈਰ ਮੰਗਦਾ ਹੈ; ਸੋ ਅਉਧੂਤੀ ਸਿਵ ਪੁਰਿ ਚੜੈ ॥ ਉਹ ਤਿਆਗੀ ਸੁਆਮੀ ਦੇ ਸ਼ਹਿਰ ਵਿੱਚ ਜਾ ਚੜ੍ਹਦਾ ਹੈ। ਬੋਲੈ ਗੋਰਖੁ ਸਤਿ ਸਰੂਪੁ ॥ (ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਗੋਰਖ! ਸੁਆਮੀ ਸੱਚ ਦਾ ਪੁਤਲਾ ਹੈ। ਪਰਮ ਤੰਤ ਮਹਿ ਰੇਖ ਨ ਰੂਪੁ ॥੩॥ ਮਹਾਨ ਅਸਲੀਅਤ ਦਾ ਨਾਂ ਕੋਈ ਚਿੰਨ੍ਹ ਹੈ, ਨਾਂ ਹੀ ਸਰੂਪ। ਮਃ ੧ ॥ ਪਹਿਲੀ ਪਾਤਿਸ਼ਾਹੀ। ਸੋ ਉਦਾਸੀ ਜਿ ਪਾਲੇ ਉਦਾਸੁ ॥ ਕੇਵਲ ਉਹ ਹੀ ਉਪਰਾਮਤਾਵਾਨ ਹੈ, ਜੋ ਵੈਰਾਗ ਧਾਰਨ ਕਰਦਾ ਹੈ। ਅਰਧ ਉਰਧ ਕਰੇ ਨਿਰੰਜਨ ਵਾਸੁ ॥ ਉਹ ਪਵਿੱਤਰ ਪ੍ਰਭੂ ਨੂੰ ਹੇਠਲੇ ਅਤੇ ਉਪੱਰਲੇ ਲੋਕਾਂ ਵਿੱਚ ਵਸਦਾ ਅਨੁਭਵ ਕਰਦਾ ਹੈ। ਚੰਦ ਸੂਰਜ ਕੀ ਪਾਏ ਗੰਢਿ ॥ ਉਹ ਸੀਤਲਤਾ ਦੇ ਚੰਦ੍ਰਮੈਂ ਅਤੇ ਬ੍ਰਹਿਮ ਗਿਆਨ ਦੇ ਸੂਰਜ ਨੂੰ ਇੱਕਤਰ ਕਰਦਾ ਹੈ। ਤਿਸੁ ਉਦਾਸੀ ਕਾ ਪੜੈ ਨ ਕੰਧੁ ॥ ਉਹ ਉਪਰਾਮਤਾਵਾਨ ਦੀ ਦੇਹ ਦੀ ਦੀਵਾਰ ਢਹਿੰਦੀ ਨਹੀਂ। ਬੋਲੈ ਗੋਪੀ ਚੰਦੁ ਸਤਿ ਸਰੂਪੁ ॥ (ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਗੋਪੀ ਚੰਦ, ਸੁਆਮੀ ਸੱਚ ਦਾ ਪੁਤਲਾ ਹੈ। ਪਰਮ ਤੰਤ ਮਹਿ ਰੇਖ ਨ ਰੂਪੁ ॥੪॥ ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ। ਮਃ ੧ ॥ ਪਹਿਲੀ ਪਾਤਿਸ਼ਾਹੀ। ਸੋ ਪਾਖੰਡੀ ਜਿ ਕਾਇਆ ਪਖਾਲੇ ॥ ਕੇਵਲ ਉਹ ਹੀ ਬਰੂਪੀਆ ਹੈ ਜੋ ਆਪਣੀ ਦੇਹ ਦੀ ਮੈਲ ਨੂੰ ਧੋ ਸੁਟੱਦਾ ਹੈ। ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥ ਆਪਣੇ ਸਰੀਰ ਦੀ ਅੱਗ ਨੂੰ ਉਹ ਸਾਹਿਬ ਦੇ ਨਾਮ ਨਾਲ ਸਾੜ ਦਿੰਦਾ ਹੈ। ਸੁਪਨੈ ਬਿੰਦੁ ਨ ਦੇਈ ਝਰਣਾ ॥ ਸੁਫਨੇ ਵਿੱਚ ਭੀ ਉਹ ਆਪਦੇ ਵੀਰਜ ਨੂੰ ਡਿੱਗਣ ਨਹੀਂ ਦਿੰਦਾ। copyright GurbaniShare.com all right reserved. Email |