ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ ਸੱਚ ਪੁਰਾਣਾ ਨਹੀਂ ਹੁੰਦਾ ਅਤੇ ਇਕ ਵਾਰੀ ਦਾ ਸਿਊਤਾ ਹੋਇਆ ਕਦਾਚਿੱਤ ਪਾਟਦਾ। ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥ ਨਾਨਕ ਸਚਿਆਰਾਂ ਦਾ ਪਰਮ ਸਚਿਆਰਾ ਹੈ ਸੁਆਮੀ; ਜਿੰਨਾ ਚਿਰ ਉਸ ਨੂੰ ਜਪਦੇ ਰਹੀਏ ਉਨ੍ਹਾਂ ਚਿਰ ਹੀ ਉਹ ਦਿਸਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਸਚ ਕੀ ਕਾਤੀ ਸਚੁ ਸਭੁ ਸਾਰੁ ॥ ਸੱਚ ਦੀ ਕਰਦ ਹੈ ਤੇ ਸੱਚ ਹੀ ਖਾਲਿਸ ਸਪਾਤ। ਘਾੜਤ ਤਿਸ ਕੀ ਅਪਰ ਅਪਾਰ ॥ ਇਸ ਦੀ ਬਨਾਵਟ ਲਾਸਾਨੀ ਸੁੰਦਰ ਹੈ। ਸਬਦੇ ਸਾਣ ਰਖਾਈ ਲਾਇ ॥ ਇਹ ਗੁਰਬਾਣੀ ਦੀ ਪੱਥਰੀ ਉੱਤੇ ਤਿੱਖੀ ਕੀਤੀ ਜਾਂਦੀ ਹੈ। ਗੁਣ ਕੀ ਥੇਕੈ ਵਿਚਿ ਸਮਾਇ ॥ ਇਹ ਨੇਕੀ ਦੇ ਮਿਆਨ ਵਿੱਚ ਪਾਈ ਜਾਂਦੀ ਹੈ। ਤਿਸ ਦਾ ਕੁਠਾ ਹੋਵੈ ਸੇਖੁ ॥ ਜੇਕਰ ਇਨਸਾਨ ਨੂੰ ਉਸ ਨਾਲ ਮਾਰ ਦਿੱਤਾ ਜਾਵੇ। ਹੇ ਸ਼ੇਖ! ਲੋਹੂ ਲਬੁ ਨਿਕਥਾ ਵੇਖੁ ॥ ਤਕ ਲਾਲਚ ਦਾ ਲਹੂ ਬਾਹਰ ਨਿਕਲਦਾ ਹੋਇਆ ਦਿੱਸੇਗਾ। ਹੋਇ ਹਲਾਲੁ ਲਗੈ ਹਕਿ ਜਾਇ ॥ ਜੋ ਐਕਰ ਜ਼ਿਬ੍ਹਾ ਹੋਇਆ ਹੋਇਆ ਹੈ ਉਹ ਸੱਚੇ ਸਾਈਂ ਨਾਲ ਜੁੜ ਜਾਂਦਾ ਹੈ। ਨਾਨਕ ਦਰਿ ਦੀਦਾਰਿ ਸਮਾਇ ॥੨॥ ਨਾਨਕ, ਉਹ ਪ੍ਰਭੂ ਦੇ ਦਰਸ਼ਨ ਅੰਦਰ ਲੀਨ ਹੋ ਜਾਂਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥ ਤੇਰੇ ਲੱਕ ਨਾਲ ਸੁਹਣਾ ਛੁਰਾ ਹੈ ਅਤੇ ਤੂੰ ਸੁੰਦਰ ਘੋੜੇ ਉੱਤੇ ਸਵਾਰ ਹੋਇਆ ਹੋਇਆ ਹੈ। ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥ ਤੂੰ ਹੰਕਾਰ ਨਾਂ ਕਰ, ਹੇ ਨਾਨਕ! ਮਤੇ ਤੂੰ ਸਿਰ ਦੇ ਭਾਰ ਧਰਤੀ ਤੇ ਜਾ ਪਵੇਂ। ਪਉੜੀ ॥ ਪਉੜੀ। ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥ ਕੇਵਲ ਉਹ ਹੀ, ਜੋ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ, ਸਾਧ ਸੰਗਤ ਦੇ ਰਾਹੀਂ ਸਾਹਿਬ ਨੂੰ ਮਿਲ ਪੈਂਦਾ ਹੈ। ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥ ਕੇਵਲ ਉਹ, ਜਿਨ੍ਹਾਂ ਦੀ ਝੋਲੀ ਵਿੱਚ ਪ੍ਰਭੂ ਦੀ ਦੌਲਤ ਦਾ ਸਫਰ ਖਰਚ ਹੈ, ਸੱਚੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਤਵਾਦੀ ਹੋ ਜਾਂਦੇ ਹਨ। ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥ ਰੱਬ ਦਾ ਜੱਸ ਗਾਉਂਦੇ ਹੋਏ ਸੰਤ ਸੁੰਦਰ ਦਿਸਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਅਟੱਲ ਹੋ ਜਾਂਦੇ ਹਨ। ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥ ਗੁਰਾਂ ਦੀ ਸ਼੍ਰੇਸਟ ਸਿੱਖਿਆ ਦੁਆਰਾ, ਸੁਆਮੀ ਦੇ ਸਿਮਰਨ ਦਾ ਜਵੇਹਰ ਚਿੱਤ ਅੰਦਰ ਟਿੱਕ ਜਾਂਦਾ ਹੈ। ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥ ਸੁਆਮੀ ਖੁਦ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ, ਤੇ ਖੁਦ ਹੀ ਉਸ ਨੂੰ ਪ੍ਰਭੁਤਾ ਪ੍ਰਦਾਨ ਕਰਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ। ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥ ਸਾਰੇ ਖਾਹਿਸ਼ਾਂ ਅੰਦਰ ਖਚਤ ਹੋਏ ਹੋਏ ਹਨ। ਕੋਈ ਵਿਰਲਾ ਜਣਾ ਹੀ ਖਾਹਿਸ਼ ਰਹਿਤ ਹੈ। ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥ ਨਾਨਕ, ਸਫਲ ਹੈ ਉਸ ਦਾ ਆਗਮਨ, ਜੋ ਜੀਉਂਦਾ ਹੋਇਆ ਮਰਿਆ ਰਹਿੰਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥ ਉਮੈਦ ਦੇ ਹੱਥ ਵਿੱਚ ਕੁੱਝ ਨਹੀਂ। ਇਨਸਾਨ ਕਿਸ ਤਰ੍ਹਾਂ ਬੇ-ਉਮੈਦਾ ਹੋ ਸਕਦਾ ਹੈ? ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥ ਇਹ ਵਿਚਾਰੀ ਕੀ ਕਰ ਸਕਦੀ ਹੈ, ਜਦ ਉਹ ਹਰੀ ਆਪ ਪ੍ਰਾਨੀ ਨੂੰ ਕੁਰਾਹੇ ਪਾਉਂਦਾ ਹੈ? ਪਉੜੀ ॥ ਪਉੜੀ। ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ ਧਿਰਕਾਰ-ਯੋਗ ਹੈ ਜ਼ਿੰਦਗੀ ਇਸ ਜਹਾਨ ਵਿੱਚ, ਸੱਚੇ ਨਾਮ ਦੇ ਬਗੈਰ। ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ ਦਾਨੀਆਂ ਦਾ ਦਾਨੀ ਹੈ ਮੈਡਾਂ ਮਾਲਕ। ਸਦੀਵੀ ਸਥਿਰ ਹੈ ਉਸ ਦੇ ਸੱਚੇ ਨਾਮ ਦੀ ਇਹ ਦੌਲਤ। ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥ ਜੋ ਹਰ ਸੁਆਸ ਨਾਲ ਸਾਹਿਬ ਦਾ ਸਿਮਰਨ ਕਰਦਾ ਹੈ, ਪਵਿੱਤਰ ਹੈ ਉਹ ਪੁਰਸ਼। ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥ ਆਪਣੀ ਜੀਭ ਨਾਲ ਤੂੰ ਦਿਲਾਂ ਦੀਆਂ ਜਾਨਣਹਾਰ ਪਹੁੰਚ ਤੋਂ ਪਰੇ ਇੱਕ ਸਾਈਂ ਦੇ ਨਾਮ ਦਾ ਉਚਾਰਨ ਕਰ। ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ, ਨਾਨਕ ਉਸ ਉਤੋਂ ਕੁਰਬਾਨ ਵੰਝਦਾ ਹੈ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ ਝੀਲ (ਸਤਿਸੰਗ) ਅਤੇ ਰਾਜਹੰਸ (ਗੁਰਮੁਖ) ਦੇ ਵਿਚਕਾਰ ਮਿਲਾਪ ਐਨ ਆਰੰਭ ਤੋਂ ਨੀਅਤ ਹੋਇਆ ਹੋਇਆ ਹੈ। ਸੁਆਮੀ ਨੂੰ ਇਸ ਤਰ੍ਹਾਂ ਹੀ ਭਾਉਂਦਾ ਹੈ। ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥ ਝੀਲ ਵਿੱਚ ਜਵਾਹਿਰਾਤ ਤੇ ਸੁੱਚੇ ਮੋਤੀ ਹਨ। ਉਹ ਰਾਜਹੰਸਾ ਦੀ ਖੁਰਾਕ ਹਨ। ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥ ਬਗ ਤੇ ਕਾਂ ਭਾਵੇਂ ਉਹ ਖਰੇ ਦਾਨੇ ਹਨ, ਝੀਲ ਵਿੱਚ ਨਹੀਂ ਰਹਿੰਦੇ। ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ ॥ ਉਨ੍ਹਾਂ ਦੀ ਰੋਜ਼ੀ ਉੱਥੇ ਨਹੀਂ। ਉਨ੍ਹਾਂ ਦੀ ਖੁਰਾਕ ਮੁਖਤਲਿਫ ਹੈ। ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ ਸੱਚੇ ਦੀ ਕਮਾਈ ਕਰਨ ਦੁਆਰਾ ਸਤਿਪੁਰਖ ਪਾਇਆ ਜਾਂਦਾ ਹੈ। ਝੂਠਾ ਹੈ ਝੂਠੇ ਪੁਰਸ਼ ਦਾ ਹੰਕਾਰ। ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥ ਨਾਨਕ, ਕੇਵਲ ਉਨ੍ਹਾਂ ਨੂੰ ਹੀ ਸੱਚੇ ਗੁਰੂ ਮਿਲਦੇ ਹਨ ਜਿੰਨਾਂ ਲਈ ਆਦੀ ਪ੍ਰਭੂ ਦਾ ਐਸਾ ਹੁਕਮ ਮੁੱਢ ਤੋਂ ਨੀਅਤ ਹੋਇਆ ਹੋਇਆ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥ ਪਵਿੱਤਰ ਹੈ ਮੇਰਾ ਸੁਆਮੀ। ਜੇਕਰ ਕੋਈ ਜਣਾ ਉਸ ਨੂੰ ਚੇਤੇ ਕਰੇ। ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥ ਨਾਨਕ ਤੂੰ ਹਮੇਸ਼ਾਂ ਉਸ ਦੀ ਸੇਵਾ ਕਰ ਜੋ ਸਦੀਵ ਤੇ ਸਦੀਵ ਹੀ ਤੈਨੂੰ ਦਿੰਦਾ ਹੈ। ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥ ਨਾਨਕ, ਤੂੰ ਉਸ ਦੀ ਟਹਿਲ ਕਮਾ ਜਿਸ ਦੀ ਖਿਦਮਤ ਕਰਨ ਦੁਆਰਾ, ਤਕਲੀਫ ਦੂਰ ਹੋ ਜਾਂਦੀ ਹੈ। ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥ ਬਦੀਆਂ ਦੌੜ ਜਾਂਦੀਆਂ ਹਨ, ਨੇਕੀਆਂ ਬੰਦੇ ਅੰਦਰ ਰਮ ਜਾਂਦੀਆਂ ਹਨ ਅਤੇ ਉਸ ਦੇ ਅੰਤਰ ਆਤਮੇ ਆਰਾਮ ਟਿਕ ਜਾਂਦਾ ਹੈ। ਪਉੜੀ ॥ ਪਉੜੀ। ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥ ਖੁਦ-ਬ-ਖੁਦ ਹੀ ਪ੍ਰਭੂ ਸਾਰੇ ਰਮ ਰਿਹਾ ਹੈ ਤੇ ਖੁਦ ਹੀ ਅਫੁਰ ਸਮਾਧੀ ਧਾਰਨ ਕਰਦਾ ਹੈ। ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥ ਆਪ ਹੀ ਸੁਆਮੀ ਸਿਖਮੱਤ ਦਿੰਦਾ ਹੈ। ਗੁਰਾਂ ਦੇ ਰਾਹੀਂ ਹੀ ਇਨਸਾਨ ਨੂੰ ਸ਼ਾਂਤੀ ਆਉਂਦੀ ਹੈ। ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥ ਕਈਆਂ ਨੂੰ ਉਹ ਖੁਦ ਬੀਆਬਾਨ ਉਜਾੜ ਵਿੱਚ ਗੁਮਰਾਹ ਕਰ ਦਿੰਦਾ ਹੈ ਅਤੇ ਕਈਆਂ ਨੂੰ ਉਹ ਆਪਣੀ ਪ੍ਰੇਮਮਈ ਸੇਵਾ ਵਿੱਚ ਜੋੜ ਲੈਂਦਾ ਹੈ। ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਅਨੁ ॥ ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਉਹ ਖੁਦ ਸਿਖਮੱਤ ਦਿੰਦਾ ਹੈ। ਖੁਦ ਹੀ ਸੁਆਮੀ ਪ੍ਰਾਨੀ ਨੂੰ ਆਪਣੇ ਨਾਮ ਨਾਲ ਜੋੜਦਾ ਹੈ। ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ ॥ ਨਾਨਕ, ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ। copyright GurbaniShare.com all right reserved. Email |