Page 975

ਰਾਗੁ ਨਟ ਨਾਰਾਇਨ ਮਹਲਾ ੪
ਰਾਗ ਨਟ ਨਾਰਾਇਨ। ਚੌਥੀ ਪਾਤਸ਼ਾਹੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ ॥
ਹੇ ਮੇਰੀ ਜਿੰਦੜੀਏ, ਤੂੰ ਦਿਹੁੰ ਰੈਣ ਆਪਣੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।

ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥੧॥ ਰਹਾਉ ॥
ਕ੍ਰੋੜਾਂ ਹੀ ਕ੍ਰੋੜਾਂ ਜਨਮਾਂ ਦੇ ਤੇਰੇ ਕੀਤੇ ਹੋਏ ਪਾਪਾਂ ਦੇ ਸਮੁਦਾਇ, ਸਾਹਿਬ ਸਾਰਿਆਂ ਨੂੰ ਮੇਟ ਕੇ ਲਾਂਭੇ ਰੱਖ ਦੇਵੇਗਾ। ਠਹਿਰਾਉ।

ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ॥
ਸੱਚੇ ਹਨ ਉਹ ਜੋ ਆਪਣੇ ਸੁਆਮੀ ਮਾਲਕ ਦੇ ਮਨ ਨੂੰ ਉਸ ਦੇ ਗੋਲੇ ਦੀ ਭਾਵਨਾ ਨਾਲ ਯਾਦ ਤੇ ਚੇਤੇ ਕਰਦੇ ਹਨ।

ਕਿਲਬਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ ॥੧॥
ਉਨ੍ਹਾਂ ਦੇ ਸਾਰੇ ਪਾਪ ਅਤੇ ਐਬ ਨਿਕਲ ਜਾਂਦੇ ਹਨ, ਇਸ ਤਰ੍ਹਾਂ ਪਾਣੀ ਗੰਦਗੀ ਨੂੰ ਧੋ ਸੁੱਟਦਾ ਹੈ।

ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ ॥
ਇਨਸਾਨ, ਜੋ ਹਰਮੁਹਤ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਜੋ ਆਪਣੇ ਮੂੰਹ ਨਾਲ ਮਨੁਖ-ਸ਼ੇਰ ਸਰੂਪ ਬਲਵਾਨ ਮਾਲਕ ਦੇ ਨਾਮ ਨੂੰ ਉਚਾਰਦਾ ਹੈ:

ਪੰਚ ਦੋਖ ਅਸਾਧ ਨਗਰ ਮਹਿ ਇਕੁ ਖਿਨੁ ਪਲੁ ਦੂਰਿ ਕਰੇ ॥੨॥
ਇਕ ਛਿਨ ਅਤੇ ਲਮ੍ਹੇ ਅੰਦਰ, ਸੁਆਮੀ ਉਸ ਦੇ ਸਰੀਰ-ਪਿੰਡ ਦੀਆਂ ਪੰਜ ਲਾ-ਇਲਾਜ ਬੀਮਾਰੀਆਂ ਨੂੰ ਨਵਿਰਤ ਕਰ ਦਿੰਦਾ ਹੈ।

ਵਡਭਾਗੀ ਹਰਿ ਨਾਮੁ ਧਿਆਵਹਿ ਹਰਿ ਕੇ ਭਗਤ ਹਰੇ ॥
ਜੋ ਭਾਰੇ ਨਸੀਬਾਂ ਵਾਲੇ ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਹਨ, ਕੇਵਲ ਉਹ ਹੀ ਸੁਆਮੀ ਵਾਹਿਗੁਰੂ ਦੇ ਸਾਧੂ ਹਨ।

ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ ਮੈ ਮੂੜ ਮੁਗਧ ਨਿਸਤਰੇ ॥੩॥
ਐਸੇ ਸਾਧੂਆਂ ਦਾ ਮੇਲ ਮਿਲਾਪ ਮੈਂ ਮੰਗਦਾ ਹਾਂ। ਮੈਂਡੇ ਮਾਲਕ ਤੂੰ ਮੈਨੂੰ ਇਹ ਪ੍ਰਦਾਨ ਕਰ ਤਾਂ ਜੋ ਮੈਂ ਮੂਰਖ ਤੇ ਬੁੱਧੂ ਭੀ ਪਾਰ ਉੱਤਰ ਜਾਵਾਂ।

ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ ਰਖਿ ਲੇਵਹੁ ਸਰਨਿ ਪਰੇ ॥
ਹੇ ਸੰਸਾਰ ਦੀ ਜਿੰਦਜਾਨ, ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ। ਆਪਣੀ ਰਹਿਮਤ ਤੇ ਮਿਹਰ ਕਰ ਕੇ, ਤੂੰ ਹੁਣ ਮੇਰੀ ਰੱਖਿਆ ਕਰ।

ਨਾਨਕੁ ਜਨੁ ਤੁਮਰੀ ਸਰਨਾਈ ਹਰਿ ਰਾਖਹੁ ਲਾਜ ਹਰੇ ॥੪॥੧॥
ਗੋਲੇ ਨਾਨਕ ਨੇ ਤੇਰੀ ਸ਼ਰਣ ਲਈ ਹੈ। ਹੇ ਸੁਆਮੀ ਮਾਲਕ! ਤੂੰ ਹੁਣ ਉਸ ਦੀ ਇੱਜ਼ਤ ਆਬਰੂ ਦੀ ਰੱਖਿਆ ਕਰ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਰਾਮ ਜਪਿ ਜਨ ਰਾਮੈ ਨਾਮਿ ਰਲੇ ॥
ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ, ਉਸ ਦੇ ਨਫਰ ਉਸ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।

ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥
ਜੋ ਰਾਗ ਦੇ ਉਪਦੇਸ਼ ਦੁਆਰਾ, ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ, ਉਸ ਉੱਤੇ ਸੁਆਮੀ ਵਾਹਿਗੁਰੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ। ਠਹਿਰਾਉ।

ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ ॥
ਪਹੁੰਚ ਤੋਂ ਪਰੇ ਅਤੇ ਸਮਝ ਸੋਚ ਤੋਂ ਉਚੇਰਾ ਹੈ, ਸੁਆਮੀ ਵਾਹਿਗੁਰੂ, ਸਾਡਾ ਮਾਲਕ, ਉਸ ਦਾ ਚਿੰਤਨ ਕਰਨ ਦੁਆਰਾ ਉਸ ਦਾ ਗੋਲਾ, ਪਾਣੀ ਨਾਲ ਪਾਣੀ ਦੀ ਮਾਨੰਦ, ਉਸ ਵਿੱਚ ਸਮਾ ਜਾਂਦਾ ਹੈ।

ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥
ਵਾਹਿਗੁਰੂ ਦੇ ਸਾਧੂ ਨਾਲ ਮਿਲ ਕੇ, ਮੈਨੂੰ ਪ੍ਰਭੂ ਦਾ ਅੰਮ੍ਰਿਤ ਪ੍ਰਾਪਤ ਹੋ ਗਿਆ ਹੈ। ਉਸ ਦੇ ਗੋਲੇ ਉਤੋਂ ਮੈਂ ਸਦੀਵ ਹੀ ਸਦਕੇ ਜਾਂਦਾ ਹਾਂ।

ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ ॥
ਸਾਹਿਬ ਦਾ ਗੋਲਾ ਸ਼੍ਰੇਸ਼ਟ ਪੁਰਸ਼ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਗਰੀਬੀ ਤੇ ਪੀੜ ਸਮੂਹ ਨਾਸ ਹੋ ਜਾਂਦੇ ਹਨ।

ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥੨॥
ਸਰੀਰ ਦੇ ਅੰਦਰ ਪੰਜ ਮੰਦੇ ਅਤੇ ਵੱਸੋ ਬਾਹਰ ਵਿਸੇ ਵੇਗ ਹਨ; ਉਨ੍ਹਾਂ ਨੂੰ ਸੁਆਮੀ ਇਕ ਮੁਹਤ ਵਿੱਚ ਮਲੀਆ ਮੇਟ ਕਰ ਦਿੰਦਾ ਹੈ।

ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ ॥
ਪ੍ਰਭੂ ਦਾ ਸਾਧੂ ਆਪਣੇ ਵਾਹਿਗੁਰੂ ਨੂੰ ਐਸ ਤਰ੍ਹਾਂ ਦਿਲੋਂ ਪਿਆਰ ਕਰਦਾ ਹੈ, ਜਿਸ ਤਰ੍ਹਾਂ ਚੰਦਰਮਾਂ ਨੂੰ ਵੇਖ ਕੇ ਕੰਵਲ ਫੁੱਲ ਖਿੜ ਜਾਂਦਾ ਹੈ।

ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥੩॥
ਨੀਵੇਂ ਹੁੰਦਿਆਂ ਬੱਦਲਾਂ, ਬੱਦਲਾਂ, ਸੰਘਣੇ ਬੱਦਲਾਂ ਦੇ ਗੱਜਣ ਨੂੰ ਸੁਣ ਕੇ, ਮੋਰ ਅਤੇ ਮੋਰਾਂ ਦੇ ਬੱਚੇ ਦਿਲੋਂ ਪਰਮ ਪ੍ਰਸੰਨ ਹੁੰਦੇ ਹਨ।

ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹ ਦੇਖਿ ਹਰਿ ਮਿਲੇ ॥
ਮੇਰੇ ਸੁਆਮੀ ਨੇ ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰ ਦਿੱਤੀ ਹੈ ਅਤੇ ਮੈਂ ਆਪਣੇ ਹਰੀ ਨੂੰ ਵੇਖ ਕੇ ਮਿਲ ਕੇ ਜੀਉਂਦਾ ਹਾਂ।

ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥੪॥੨॥
ਸੁਆਮੀ ਮਾਲਕ ਨੇ ਗੋਲੇ ਨਾਨਕ ਨੂੰ ਆਪਣੇ ਨਸ਼ੇ ਦਾ ਆਦੀ ਬਣਾ ਲਿਆ ਹੈ ਅਤੇ ਆਪਣੇ ਵਾਹਿਗੁਰੂ ਨੂੰ ਮਿਲ ਕੇ ਉਹ ਸ਼੍ਰੇਸ਼ਟ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਮੇਰੇ ਮਨ ਜਪਿ ਹਰਿ ਹਰਿ ਨਾਮੁ ਸਖੇ ॥
ਹੇ ਮੇਰੀ ਜਿੰਦੜੀਏ! ਤੂੰ ਆਪਣੇ ਮਿਤ੍ਰ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।