Page 982

ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ ॥
ਤੂੰ ਪਿਰਹੜੀ ਪਾ, ਤੂੰ ਘਣੇਰੀ ਪ੍ਰੀਤ ਪਾ ਆਪਣੇ ਪ੍ਰਭੂ ਨਾਲ। ਸੰਤਾਂ ਨਾਲ ਜੁੜ ਕੇ, ਹੇ ਬੰਦੇ! ਤੂੰ ਸ਼ਸ਼ੋਭਤ ਥੀ ਵੰਝੇਗਾ।

ਗੁਰ ਕੇ ਬਚਨ ਸਤਿ ਸਤਿ ਕਰਿ ਮਾਨੇ ਮੇਰੇ ਠਾਕੁਰ ਬਹੁਤੁ ਪਿਆਰੇ ॥੬॥
ਜੋ ਗੁਰਦੇਵ ਜੀ ਦੇ ਸ਼ਬਦਾਂ ਨੂੰ ਨਿਰੋਲ ਸੱਚ ਕਰਕੇ ਮੰਨਦੇ ਹਨ, ਉਹ ਮੈਂਡੇ ਮਾਲਕ ਨੂੰ ਖਰੇ ਮਿੱਠੜੇ ਲਗਦੇ ਹਨ।

ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ ਨਾਮਿ ਪਿਆਰੇ ॥
ਪਿਛਲੇ ਜਨਮਾਂ ਵਿੱਚ ਥੋੜੇ ਜਿਹੇ ਨੇਕ ਅਮਲਾਂ ਦੇ ਕਮਾਉਣ ਦੀ ਬਰਕਤ, ਇਨਸਾਨ ਦੀ ਇਸ ਜਨਮ ਵਿੱਚ ਵਾਹਿਗੁਰੂ ਸੁਆਮੀ ਮਾਲਕ ਦੇ ਨਾਮ ਨਾਲ ਪ੍ਰੀਤ ਪੈ ਜਾਂਦੀ ਹੈ।

ਗੁਰ ਪ੍ਰਸਾਦਿ ਅੰਮ੍ਰਿਤ ਰਸੁ ਪਾਇਆ ਰਸੁ ਗਾਵੈ ਰਸੁ ਵੀਚਾਰੇ ॥੭॥
ਗੁਰਾਂ ਦੀ ਦਇਆ ਦੁਆਰਾ, ਇਨਸਾਨ ਸੁਰਜੀਤ ਕਰਨ ਵਾਲੇ ਨਾਮ ਦੇ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ। ਨਾਮ ਦੇ ਇਸ ਆਬਿਹਿਯਾਤ ਦੀ ਕੀਰਤੀ ਉਹ ਗਾਉਂਦਾ ਹੈ ਤੇ ਇਸ ਆਬਿ-ਹਿਯਾਤ ਨੂੰ ਹੀ ਉਹ ਸੋਚਦਾ ਵੀਚਾਰਦਾ ਹੈ।

ਹਰਿ ਹਰਿ ਰੂਪ ਰੰਗ ਸਭਿ ਤੇਰੇ ਮੇਰੇ ਲਾਲਨ ਲਾਲ ਗੁਲਾਰੇ ॥
ਹੇ ਮੈਂਡੇ ਗੂੜ੍ਹੇ ਲਾਲ ਜਵੇਹਰ ਵਰਗੇ ਪਿਆਰੇ ਸੁਆਮੀ ਹਰੀ! ਸਮੂਹ ਸਰੂਪ ਤੇ ਰੰਗਤਾਂ ਤੈਂਡੀਆਂ ਹੀ ਹਨ।

ਜੈਸਾ ਰੰਗੁ ਦੇਹਿ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ॥੮॥੩॥
ਜੇਹੋ ਜਿਹੀ ਰੰਗਤ ਤੂੰ ਦਿੰਦਾ ਹੈਂ, ਹੇ ਸਾਈਂ! ਕੇਵਲ ਉਹ ਹੀ ਪ੍ਰਗਟ ਹੁੰਦੀ ਹੈ। ਗਰੀਬ ਇਨਸਾਨ ਕੀ ਕਰ ਸਕਦਾ ਹੈ, ਹੇ ਨਾਨਕ?

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਰਾਮ ਗੁਰ ਸਰਨਿ ਪ੍ਰਭੂ ਰਖਵਾਰੇ ॥
ਗੁਰਾਂ ਦੀ ਪਨਾਹ ਲੈਣ ਦੁਆਰਾ ਸੁਆਮੀ ਮਾਲਕ ਪ੍ਰਾਨੀ ਨੂੰ ਐਸ ਤਰ੍ਹਾਂ ਬਚਾ ਲੈਂਦਾ ਹੈ,

ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥੧॥ ਰਹਾਉ ॥
ਜਿਸ ਤਰ੍ਹਾਂ ਉਸ ਹਾਥੀ ਨੂੰ ਬਚਾਇਆ ਸੀ, ਜਦ ਮਗਰਮੱਛ ਦੇ ਪਕੜੇ ਅਤੇ ਪਾਣੀ ਵਿੱਚ ਚਲਾ ਕੇ ਮਾਰੇ ਹੋਏ ਨੇ, ਆਪਣੀ ਸੁੰਡ ਪਾਣੀ ਵਿਚੋਂ ਬਾਹਰ ਕੱਢ ਕੇ, ਉਸ ਦੇ ਅੱਗੇ ਪ੍ਰਾਰਥਨਾ ਕੀਤੀ ਸੀ। ਠਹਿਰਾਉ।

ਪ੍ਰਭ ਕੇ ਸੇਵਕ ਬਹੁਤੁ ਅਤਿ ਨੀਕੇ ਮਨਿ ਸਰਧਾ ਕਰਿ ਹਰਿ ਧਾਰੇ ॥
ਵੱਡੇ ਸ਼੍ਰੇਸ਼ਟ ਹਨ ਸੁਆਮੀ ਦੇ ਗੋਲੇ। ਭਰੋਸੇ ਸਹਿਤ ਉਹ ਆਪਣੇ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।

ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ ਜਨ ਕੀ ਪੈਜ ਸਵਾਰੇ ॥੧॥
ਭਰੋਸਾ ਤੇ ਪ੍ਰੇਮਮਈ ਸੇਵਾ ਮੈਂਡੇ ਮਾਲਕ ਦੇ ਚਿੱਤ ਨੂੰ ਚੰਗੇ ਲਗਦੇ ਹਨ ਅਤੇ ਉਹ ਆਪਣੇ ਦਾਸਾਂ ਦੀ ਇਜ਼ੱਤ ਆਬਰੂ ਬਰਕਰਾਰ ਰਖਦਾ ਹੈ।

ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖੈ ਬ੍ਰਹਮ ਪਸਾਰੇ ॥
ਸੁਆਮੀ ਮਾਲਕ ਦਾ ਗੋਲਾ ਆਪਣੇ ਆਪ ਨੂੰ ਉਸ ਦੀ ਟਹਿਲ ਸੇਵਾ ਵਿੱਚ ਜੋੜਦਾ ਹੈ ਤੇ ਸਾਈਂ ਨੂੰ ਸਾਰੇ ਸੰਸਾਰ ਅੰਦਰ ਰਮਿਆ ਵੇਖਦਾ ਹੈ।

ਏਕੁ ਪੁਰਖੁ ਇਕੁ ਨਦਰੀ ਆਵੈ ਸਭ ਏਕਾ ਨਦਰਿ ਨਿਹਾਰੇ ॥੨॥
ਉਹ ਕੇਵਲ ਇਕ ਸੁਆਮੀ ਨੂੰ ਹੀ ਤਕੱਦਾ ਹੈ, ਜੋ ਸਾਰਿਆਂ ਨੂੰ ਇਕ ਸਮਾਨ ਦੇਖਦਾ ਹੈ।

ਹਰਿ ਪ੍ਰਭੁ ਠਾਕੁਰੁ ਰਵਿਆ ਸਭ ਠਾਈ ਸਭੁ ਚੇਰੀ ਜਗਤੁ ਸਮਾਰੇ ॥
ਵਾਹਿਗੁਰੂ ਸੁਆਮੀ ਮਾਲਕ ਸਾਰਿਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰੇ ਸੰਸਾਰ ਨੂੰ ਆਪਣੀ ਟਹਿਲਣ ਜਾਣ ਕੇ ਉਸ ਦੀ ਸੰਭਾਲ ਕਰਦਾ ਹੈ।

ਆਪਿ ਦਇਆਲੁ ਦਇਆ ਦਾਨੁ ਦੇਵੈ ਵਿਚਿ ਪਾਥਰ ਕੀਰੇ ਕਾਰੇ ॥੩॥
ਖੁਦ-ਬ-ਖੁਦ ਹੀ ਮਿਹਰਬਾਨ ਮਾਲਕ ਮਿਹਰ ਧਾਰ ਕੇ, ਪੱਥਰਾਂ ਵਿਚਲੋ ਕੀੜਿਆਂ ਮਕੌੜਿਆਂ ਨੂੰ ਭੀ ਦਾਤਾ ਦਿੰਦਾ ਹੈ।

ਅੰਤਰਿ ਵਾਸੁ ਬਹੁਤੁ ਮੁਸਕਾਈ ਭ੍ਰਮਿ ਭੂਲਾ ਮਿਰਗੁ ਸਿੰਙ੍ਹਾਰੇ ॥
ਉਸ ਦੇ ਅੰਦਰ ਨਾਫੇ ਦੀ ਘਣੇਰੀ ਮਹਿਕ ਹੈ, ਪ੍ਰੰਤੂ ਵਹਿਮ ਦਾ ਬਹਿਕਾਇਆ ਹੋਇਆ, ਹਰਨ ਝਾੜੀਆਂ ਨੂੰ ਸਿੰਘ ਮਾਰਦਾ ਫਿਰਦਾ ਹੈ।

ਬਨੁ ਬਨੁ ਢੂਢਿ ਢੂਢਿ ਫਿਰਿ ਥਾਕੀ ਗੁਰਿ ਪੂਰੈ ਘਰਿ ਨਿਸਤਾਰੇ ॥੪॥
ਜੰਗਲਾਂ ਅਤੇ ਬੇਲਿਆਂ ਅੰਦਰ ਭਟਕਦੀ ਅਤੇ ਲਭਦੀ ਭਾਲਦੀ ਹੋਈ, ਮੈਂ ਹਾਰ ਹੁੱਟ ਗਈ ਸਾਂ, ਪ੍ਰੰਤੂ ਪੂਰਨ ਗੁਰਦੇਵ ਜੀ ਨੇ ਮੇਰੇ ਹਿਰਦੇ ਘਰ ਅੰਦਰ ਹੀ ਮੇਰਾ ਪਾਰ ਉਤਾਰਾ ਕਰ ਦਿੱਤਾ।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰਬਾਣੀ ਗੁਰਾਂ ਦਾ ਸਰੂਪ ਹੈ ਅਤੇ ਗੁਰੂ ਜੀ ਗੁਰਬਾਣੀ ਦਾ ਸਰੂਪ ਹਨ। ਗੁਰਬਾਣੀ ਅੰਦਰ ਸਮੂਹ ਅੰਮ੍ਰਿਤ-ਰਸ ਹਨ।

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
ਜੇਕਰ ਟਹਿਲੂਆ, ਜੋ ਕੁੱਛ ਗੁਰਬਾਣੀ ਦਰਸਾਉਂਦੀ ਹੈ, ਉਸ ਦੀ ਕਮਾਈ ਕਰੇ, ਗੁਰੂ ਜੀ ਸਾਖਸ਼ਾਤ ਅਵੱਸ਼ ਹੋ ਉਸ ਨੂੰ ਤਾਰ ਦਿੰਦੇ ਹਨ।

ਸਭੁ ਹੈ ਬ੍ਰਹਮੁ ਬ੍ਰਹਮੁ ਹੈ ਪਸਰਿਆ ਮਨਿ ਬੀਜਿਆ ਖਾਵਾਰੇ ॥
ਸਾਈਂ ਸਾਰਿਆਂ ਦੇ ਅੰਦਰ ਹੈ ਅਤੇ ਸਾਰੇ ਹੀ ਰਮਿਆ ਹੋਇਆ ਹੈ ਸਾਈਂ। ਉਹ ਬੰਦੇ ਨੂੰ ਓੁਹੀ ਕੁੱਛ ਖੁਆਲਦਾ ਹੈ ਜੋ ਉਸ ਨੇ ਬੀਜਿਆ ਹੈ।

ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥੬॥
ਜਿਸ ਤਰ੍ਹਾਂ, ਦ੍ਰਿਸ਼ਟਾਂਤ ਦੇ ਤੌਰ ਤੇ, ਧ੍ਰਿਸਟਬੁਧੀ ਸੰਤ ਚੰਦ੍ਰਹਾਸ ਨੂੰ ਦੁਖੀ ਕਰਦਾ ਸੀ। ਪ੍ਰੰਤੂ ਚੰਦ੍ਰਹਾਸ ਨੂੰ ਤਬਾਹ ਕਰਨ ਦੇ ਯਤਨ ਅੰਦਰ ਉਸ ਨੇ ਆਪਣਾ ਘਰ ਹੀ ਅੱਗ ਨਾਲ ਸਾੜ ਲਿਆ। ਨੋਟ: ਚੰਦ੍ਰਹਾਸ ਰਾਜੇ ਧਰਮ ਦਾ ਪੁਤ੍ਰ ਸੀ। ਧ੍ਰਿਸਟ ਬੁਧੀ ਉਸ ਨਾਲ ਈਰਖਾ ਕਰਦਾ ਸੀ ਅਤੇ ਉਸ ਨੂੰ ਮਾਰਨਾ ਲੋੜਦਾ ਸੀ। ਪ੍ਰੰਤੂ ਗਲਤੀ ਰਾਹੀਂ ਧ੍ਰਿਸਟ ਬੁਧੀ ਦਾ ਪੁਤ੍ਰ ਹੀ ਮਾਰਿਆ ਗਿਆ ਅਤੇ ਚੰਦ੍ਰਹਾਸ ਨੂੰ ਰਾਜ ਮਿਲ ਗਿਆ।

ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ॥
ਸੁਆਮੀ ਦਾ ਗੋਲਾ ਆਪਣੇ ਮਨ ਅੰਦਰ ਉਸ ਲਈ ਤਾਂਘ ਰਖਦਾ ਹੈ ਅਤੇ ਸੁਆਮੀ ਉਸ ਦੇ ਹਰ ਸੁਆਸ ਦੀ ਨਿਗ੍ਹਾਬਾਨੀ ਕਰਦਾ ਹੈ।

ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ ਜਨ ਪੀਛੈ ਜਗੁ ਨਿਸਤਾਰੇ ॥੭॥
ਆਪਣੀ ਮਿਹਰ, ਮਿਹਰ ਦੁਆਰਾ, ਸੁਆਮੀ ਉਸ ਦੇ ਅੰਦਰ ਆਪਣੀ ਸ਼ਰਧਾ ਪ੍ਰੇਮ ਅਸਥਾਪਨ ਕਰ ਦਿੰਦਾ ਹੈ ਅਤੇ ਆਪਣੇ ਗੋਲੇ ਦੀ ਖਾਤਰ, ਸੰਸਾਰ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ੍ਰਿਸਟਿ ਸਵਾਰੇ ॥
ਸੁਆਮੀ ਮਾਲਕ ਸਾਰਾ ਕੁੱਛ ਖੁਦ-ਬ-ਖੁਦ ਹੀ ਹੈ ਅਤੇ ਸੁਆਮੀ ਖੁਦ ਹੀ ਸੰਸਾਰ ਨੂੰ ਸ਼ਸੋਭਤ ਕਰਦਾ ਹੈ।

ਜਨ ਨਾਨਕ ਆਪੇ ਆਪਿ ਸਭੁ ਵਰਤੈ ਕਰਿ ਕ੍ਰਿਪਾ ਆਪਿ ਨਿਸਤਾਰੇ ॥੮॥੪॥
ਖੁਦ ਹੀ ਪ੍ਰਭੂ ਹਰ ਥਾਂ ਵਿਆਪਕ ਹੋ ਰਿਹਾ ਹੈ, ਹੇ ਗੋਲੇ ਨਾਨਕ! ਤੇ ਆਪਣੀ ਮਿਹਰ ਧਾਰ ਕੇ ਉਹ ਖੁਦ ਹੀ ਪ੍ਰਾਨੀਆਂ ਦਾ ਪਾਰ ਉਤਾਰਾ ਕਰਦਾ ਹੈ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਰਾਮ ਕਰਿ ਕਿਰਪਾ ਲੇਹੁ ਉਬਾਰੇ ॥
ਆਪਣੀ ਰਹਿਮਤ ਧਾਰ ਕੇ, ਹੇ ਪ੍ਰਭੂ! ਤੂੰ ਮੇਰੀ ਰੱਖਿਆ ਕਰ,

ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥੧॥ ਰਹਾਉ ॥
ਜਿਸ ਤਰ੍ਹਾਂ ਤੂੰ ਹੇ ਸੁਆਮੀ ਵਾਹਿਗੁਰੂ! ਦ੍ਰੋਪਦੀ ਨੂੰ ਸ਼ਰਮ ਤੋਂ ਬਚਾਇਆ ਸੀ, ਜਦ ਕੁਕਰਮੀਆਂ ਨੇ ਉਸ ਨੂੰ ਫੜ ਕੇ ਦਰਬਾਰ ਵਿੱਚ ਲਿਆਂਦਾ ਸੀ।

ਕਰਿ ਕਿਰਪਾ ਜਾਚਿਕ ਜਨ ਤੇਰੇ ਇਕੁ ਮਾਗਉ ਦਾਨੁ ਪਿਆਰੇ ॥
ਮੈਂ ਤੈਂਡੇ ਦਰ ਦਾ ਇਕ ਮੰਗਤਾ ਅਤੇ ਗੁਮਾਸ਼ਤਾ ਹਾਂ, ਹੇ ਮੈਂਡੇ ਪ੍ਰੀਤਮ! ਅਤੇ ਤੇਰੇ ਪਾਸੋਂ ਇਕ ਦਾਤ ਮੰਗਦਾ ਹਾਂ! ਤੂੰ ਮੇਰੇ ਉੱਤੇ ਆਪਣੀ ਰਹਿਮਤ ਧਾਰ।

ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ ਹਰਿ ਗੁਰੁ ਮੇਲਿ ਸਵਾਰੇ ॥੧॥
ਮੈਂ ਸਦਾ ਹੀ ਆਪਣੇ ਸੱਚੇ ਗੁਰਾਂ ਨੂੰ ਲੋਚਦਾ ਹਾਂ। ਤੂੰ ਮੈਨੂੰ ਗੁਰੂ ਪ੍ਰਮੇਸ਼ਰ ਨਾਲ ਮਿਲਾ ਦੇ, ਤਾਂ ਜੋ ਮੈਂ ਸ਼ਸ਼ੋਭਤ ਥੀ ਵੰਝਾਂ।

ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ ॥
ਅਧਰਮੀ ਪੁਰਸ਼ ਦੇ ਅਮਲ ਪਾਣੀ ਰਿੜਕਣ ਦੀ ਮਾਨੰਦ ਹਨ ਅਤੇ ਉਹ ਨਿਤਾਪ੍ਰਤੀ ਪਾਣੀ ਹੀ ਮੱਥਦਾ ਹੈ।

ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ ॥੨॥
ਸਾਧ ਸੰਗਤ ਨਾਲ ਜੁੜਨ ਦੁਆਰਾ, ਮਨੁਸ਼ ਨੂੰ ਮਹਾਨ ਮਰਤਬੇ ਦੀ ਦਾਤ ਪ੍ਰਦਾਨ ਹੋ ਜਾਂਦੀ ਹੈ ਅਤ ਮੱਖਣ ਨੂੰ ਨਿਕਾਲ ਉਹ ਉਸ ਨੂੰ ਸੁਆਦ ਨਾਲ ਖਾਂਦਾ ਹੈ।

ਨਿਤ ਨਿਤ ਕਾਇਆ ਮਜਨੁ ਕੀਆ ਨਿਤ ਮਲਿ ਮਲਿ ਦੇਹ ਸਵਾਰੇ ॥
ਹਰ ਰੋਜ਼ ਹੀ ਇਨਸਾਨ ਆਪਣੇ ਸਰੀਰ ਨੂੰ ਧੌਦਾਂ ਹੈ ਅਤੇ ਹਰ ਰੋਜ਼ ਹੀ ਉਹ ਸਰੀਰ ਨੂੰ ਮਲਦਾ, ਸਾਫ ਕਰਦਾ ਤੇ ਚਿਲਕਾਉਂਦਾ ਹੈ।

copyright GurbaniShare.com all right reserved. Email