Page 983

ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ ॥੩॥
ਜੇਕਰ ਮੈਂਡੇ ਸੱਚੇ ਗੁਰਾਂ ਦੀ ਬਾਣੀ ਉਸ ਦੇ ਚਿੱਤ ਨੂੰ ਚੰਗੀ ਨਹੀਂ ਲਗਦੀ, ਤਾਂ ਉਸ ਦੇ ਸਾਰੇ ਸੁੰਦਰ ਹਾਰਸ਼ਿੰਗਾਰ ਵਿਅਰਥ ਹਨ।

ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਨ ਸਾਰੇ ॥
ਤੁਸੀਂ ਨਾਜ਼ ਨਖਰੇ ਨਾਲ ਟੁਰੋ, ਹੇ ਮੈਂਡੀਓੁ ਸਾਥਣੋ! ਅਤੇ ਹਮ-ਜੋਲਣੋ! ਅਤੇ ਮੈਂਡੇ ਸੁਆਮੀ ਦੀਆਂ ਨੇਕੀਆਂ ਨੂੰ ਯਾਦ ਕਰੋ।

ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ ਮੈ ਸਤਿਗੁਰ ਅਲਖੁ ਲਖਾਰੇ ॥੪॥
ਸ਼੍ਰੋਮਣੀ ਗੁਰਾਂ ਦੀ ਟਹਿਲ ਸੇਵਾ, ਮੈਂਡੇ ਮਾਲਕ ਨੂੰ ਚੰਗੀ ਲਗਦੀ ਹੈ। ਸੱਚੇ ਗੁਰਾਂ ਦੇ ਰਾਹੀਂ, ਮੈਂ ਅਗਾਧ ਦੇ ਸਾਈਂ ਨੂੰ ਜਾਣ ਲਿਆ ਹੈ।

ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥
ਔਰਤਾਂ ਤੇ ਮਰਦ ਅਤੇ ਸਮੂਹ ਮਰਦ ਅਤੇ ਔਰਤਾਂ, ਹੰਕਾਰ ਦੇ ਵੈਰੀ, ਇਕ ਪ੍ਰਭੂ ਤੋਂ ਉਤਪੰਨ ਹੋਈਆਂ ਹਨ।

ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥
ਮੇਰਾ ਮਨੂਆ ਸਾਧ ਸਰੂਪ ਪੁਰਸ਼ਾਂ ਦੇ ਪੈਰਾਂ ਦੀ ਧੂੜ ਨੂੰ ਪਿਆਰ ਕਰਦਾ ਹੈ। ਸੁਆਮੀ ਵਾਹਿਗੁਰੂ ਉਨ੍ਹਾਂ ਪ੍ਰਾਨੀਆਂ ਦੀ ਕਲਿਆਣ ਕਰ ਦਿੰਦਾ ਹੈ, ਜੋ ਉਸ ਦੇ ਗੋਲਿਆਂ ਦੀ ਸੰਗਤ ਕਰਦੇ ਹਨ।

ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥
ਮੈਂ ਪਿੰਡ ਪਿੰਡ ਅਤੇ ਸਮੂਹ ਸ਼ਹਿਰ ਅੰਦਰ ਭਟਕਿਆ, ਪ੍ਰੰਤੂ ਸੁਆਮੀ ਦੇ ਸੇਵਕਾਂ ਰਾਹੀਂ ਮੈਂ ਵਾਹਿਗੁਰੂ ਨੂੰ ਆਪਦੇ ਮਨ ਅੰਦਰ ਹੀ ਲੱਭ ਲਿਆ।

ਸਰਧਾ ਸਰਧਾ ਉਪਾਇ ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥੬॥
ਭਰੋਸਾ ਤੇ ਯਕੀਨ ਮੇਰੇ ਅੰਦਰ ਉਤਪੰਨ ਹੋ ਗਏ ਹਨ ਅਤੇ ਵਿਸ਼ਾਲ ਗੁਰੂ ਪ੍ਰਮੇਸ਼ਰ ਨੇ ਮੈਨੂੰ ਮੋਖਸ਼ ਕਰ ਪ੍ਰਭੂ ਨਾਲ ਅਭੇਦ ਕਰ ਦਿੱਤਾ ਹੈ।

ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ ॥
ਮੇਰੇ ਸੁਆਸਾਂ ਦਾ ਸਾਰਾ ਧਾਗਾ ਸੱਚੇ ਗੁਰਦੇਵ ਜੀ ਨੇ ਸ਼੍ਰੇਸਟ ਬਣਾ ਦਿੱਤਾ ਹੈ ਅਤੇ ਮੈਂ ਹੁਣ ਨਾਮ ਦਾ ਆਰਾਧਨ ਕਰਦਾ ਹਾਂ।

ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਿਹਾਰੇ ॥੭॥
ਆਪਣੇ ਨਿੱਜ ਦੇ ਧਾਮ ਪੁੱਜ ਕੇ ਮੈਂ ਹੁਣ ਸੁਰਜੀਤ ਕਰਨ ਵਾਲਾ ਨਾਮ ਅੰਮ੍ਰਿਤ ਪੀਂਦਾ ਹਾਂ ਅਤੇ ਅੱਖਾਂ ਦੇ ਬਗੈਰ ਹੀ ਸੰਸਾਰ ਨੂੰ ਵੇਖਦਾ ਹਾਂ।

ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਹਮ ਨਿਕ ਕੀਰੇ ॥
ਤੇਰੀਆਂ ਵਡਿਅਈਆਂ ਮੈਂ ਵਰਨਣ ਨਹੀਂ ਕਰ ਸਕਦਾ, ਹੇ ਈਸ਼ਵਰ! ਤੂੰ ਪੂਜ ਅਸਥਾਨ ਹੈਂ ਅਤੇ ਮੈਂ ਇਕ ਨਿਕੜਾ ਜੇਹਾ ਕਿਰਮ।

ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ ਮੈ ਰਾਮੁ ਜਪਤ ਮਨੁ ਧੀਰੇ ॥੮॥੫॥
ਤੂੰ ਨਾਨਕ ਉਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਮੇਰੀ ਜਿੰਦੜੀ ਨੂੰ ਠੰਢ-ਚੈਨ ਆ ਜਾਂਦੀ ਹੈ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਮੇਰੇ ਮਨ ਭਜੁ ਠਾਕੁਰ ਅਗਮ ਅਪਾਰੇ ॥
ਹੇ ਮੇਰੀ ਜਿੰਦੇ! ਤੂੰ ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਸਿਮਰਨ ਕਰ।

ਹਮ ਪਾਪੀ ਬਹੁ ਨਿਰਗੁਣੀਆਰੇ ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥
ਮੈਂ ਭਾਰਾ ਗੁਨਾਹਗਾਰ ਅਤੇ ਨੇਕੀ-ਵਿਹੂਣ ਹਾਂ। ਮਿਹਰ ਧਾਰ, ਗੁਰਾਂ ਨੇ ਮੈਨੂੰ ਬੰਦਖਲਾਸ ਕਰ ਦਿੱਤਾ ਹੈ। ਠਹਿਰਾਉ।

ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨਉ ਕਰਉ ਗੁਰ ਪਿਆਰੇ ॥
ਮੈਂ ਆਪਣੇ, ਸੰਤ ਸਰੂਪ ਪੁਰਸ਼ ਅਤੇ ਨੇਕ ਮਰਦ ਮਿੱਠੜੇ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਉਨ੍ਹਾਂ ਮੁਹਰੇ ਇਕ ਬੇਨਤੀ ਕਰਦਾ ਹਾਂ।

ਰਾਮ ਨਾਮੁ ਧਨੁ ਪੂਜੀ ਦੇਵਹੁ ਸਭੁ ਤਿਸਨਾ ਭੂਖ ਨਿਵਾਰੇ ॥੧॥
ਤੂੰ ਮੈਨੂੰ ਪ੍ਰਭੂ ਦੇ ਨਾਮ ਦੀ ਰਾਸ ਅਤੇ ਦੌਲਤ ਪਰਦਾਨ ਕਰ, ਜਿਸ ਨਾਲ ਤ੍ਰੇਹਾਂ ਤੇ ਭੁੱਖ ਸਮੂਹ ਮਿੱਟ ਜਾਂਦੀਆਂ ਹਨ।

ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦ੍ਰੀ ਪਕਰਿ ਸਘਾਰੇ ॥
ਕੇਵਲ ਇਕ ਵਿਸ਼ੈ ਵੇਗ ਹੀ ਪਰਵਾਨ, ਹਰਨ, ਭੌਰੇ, ਹਾਥੀ ਅਤੇ ਮੱਛੀ ਨੂੰ ਪਕੜ ਕੇ, ਤਬਾਹ ਹੋ ਮਲੀਆ-ਮੇਟ ਕਰ ਸੁੱਟਦਾ ਹੈ।

ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥
ਸਰੀਰ ਦੇ ਅੰਦਰ ਪੰਜ ਜ਼ੋਰਾਵਰ ਭੂਤਨੇ ਹਨ। ਵਿਸ਼ਾਲ ਸੱਚੇ ਗੁਰੂ ਇਨ੍ਹਾਂ ਪਾਪੀਆਂ ਨੂੰ ਬਾਹਰ ਕੱਢ ਦਿੰਦੇ ਹਨ।

ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥
ਛੇ ਸ਼ਾਸਤ੍ਰ ਅਤੇ ਚਾਰੇ ਵੇਦ ਮੈਂ ਚੰਗੀ ਤਰ੍ਹਾਂ ਪੜਤਾਲੇ ਤੇ ਵੇਖੇ ਹਨ ਅਤੇ ਮੋਨਧਾਰੀ ਰਿਸ਼ੀ, ਨਾਰਦ ਭੀ ਏਹੋ ਸ਼ਬਦ ਹੀ ਉਚਾਰਨ ਕਰਦਾ ਹੈ।

ਰਾਮ ਨਾਮੁ ਪੜਹੁ ਗਤਿ ਪਾਵਹੁ ਸਤਸੰਗਤਿ ਗੁਰਿ ਨਿਸਤਾਰੇ ॥੩॥
ਕਿ ਸਾਧ ਸੰਗਤ ਅੰਦਰ ਅਤੇ ਗੁਰਾਂ ਦੀ ਦਇਆ ਰਾਹੀਂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਇਨਸਾਨ ਮੁਕਤ ਅਤੇ ਬੰਦਖਲਾਸ ਹੋ ਜਾਂਦਾ ਹੈ।

ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ ਜਿਵ ਸੂਰਜੁ ਕਮਲੁ ਨਿਹਾਰੇ ॥
ਜਿਸ ਦੀ ਆਪਣੇ ਪਿਆਰੇ ਪ੍ਰਭੂ ਨਾਲ ਪ੍ਰੀਤ ਪੈ ਗਈ ਹੈ ਉਹ ਉਸ ਵਲ ਐਉਂ ਤੱਕਦਾ ਹੈ, ਜਿਵੇਂ ਕੰਵਲ ਸੂਰਜ ਵੱਲ।

ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥੪॥
ਜਦ ਝੁਕੇ ਹੋਏ ਬੱਦਲ ਗੱਜਦੇ ਹਨ, ਤਾਂ ਮੋਰ ਸੁਮੇਰ ਪਰਬਤ ਤੇ ਬਹੁਤਾ ਹੀ ਨੱਚਦਾ ਹੈ।

ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ ॥
ਭਾਵੇਂ ਮਾਇਆ ਦਾ ਉਪਾਸ਼ਕ ਅੰਮ੍ਰਿਤ ਨਾਲ ਚੰਗੀ ਤਰ੍ਹਾਂ ਹੀ ਸਿੰਜਿਆ ਜਾਵੇ ਤਦ ਭੀ ਇਸ ਦੀਆਂ ਸਾਰੀਆਂ ਡਾਲੀਆਂ ਅਤੇ ਫੁਲ ਵਿਹੁ ਵਾਲੇ ਹੀ ਰਹਿੰਦੇ ਹਨ।

ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥
ਜਿੰਨਾ ਜ਼ਿਆਦਾ ਇਨਸਾਨ ਮਨਮੁਖ ਪੁਰਸ ਮੂਹਰੇ ਨਿਮਰਤਾ ਅੰਦਰ ਨਿਉਂਦਾ ਹੈ, ਓਨੀਂ ਹੀ ਜ਼ਿਆਦਾ ਉਹ ਛੇੜਖਾਨੀ ਕਰਦਾ, ਚੁਭਦਾ ਅਤੇ ਵਿਹੁ ਉਗਲਦਾ ਹੈਂ।

ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ ॥
ਤੂੰ ਸਾਧੂਆਂ ਦੇ ਸਾਧੂ, ਪਵਿੱਤਰ ਗੁਰਾਂ ਦੇ ਨਾਲ ਜੁੜਿਆ ਰਹੋ, ਜੋ ਲੋਕਾਂ ਦੇ ਭਲੇ ਲਈ ਪ੍ਰਭੂ ਦੇ ਜੱਸ ਦਾ ਉਚਾਰਨ ਕਰਦੇ ਹਨ।

ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥੬॥
ਪਵਿੱਤਰਾਂ ਦੇ ਪਰਮ ਪਵਿੱਤਰ ਗੁਰਾਂ ਨਾਲ ਮਿਲਣ ਦੁਆਰਾ, ਮੇਰੀ ਜਿੰਦੜੀ, ਪਾਣੀ ਪ੍ਰਾਪਤ ਹੋਣ ਉੱਤੇ ਕੰਵਲ ਦੇ ਸ਼ਸ਼ੋਭਤ ਹੋਣ ਦੀ ਮਾਨੰਦ ਖਿੜ ਜਾਂਦੀ ਹੈ।

ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥
ਲਾਲਚ ਦਾ ਤ੍ਰੰਗ ਸਮੂਹ ਹੀ ਕੁੱਤੇ ਦੇ ਹਲਕਪੁਣੇ ਦੀ ਮਾਨੰਦ ਹੈ। ਇਸ ਪਾਗਲਪੁਨੇ ਨੇ ਸਾਰਾ ਕੁੱਛ ਵਿਗਾੜ ਛੱਡਿਆ ਹੈ।

ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋੁਈ ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥
ਜਦ ਮੈਂਡੇ ਸੁਆਮੀ ਦੇ ਦਰਬਾਰ ਵਿੱਚ ਕਨਸੋ ਪਹੁੰਚੀ ਤਾਂ ਬ੍ਰਹਮ ਗਿਆਤ ਦੀ ਤਲਵਾਰ ਲੈ ਕੇ, ਵਿਸ਼ਾਲ ਵਾਹਿਗੁਰੂ ਨੇ ਇਸ ਨੂੰ ਮਾਰ ਸੁੱਟਿਆ।

ਰਾਖੁ ਰਾਖੁ ਰਾਖੁ ਪ੍ਰਭ ਮੇਰੇ ਮੈ ਰਾਖਹੁ ਕਿਰਪਾ ਧਾਰੇ ॥
ਤੂੰ ਮੈਨੂੰ ਬਚਾ ਲੈ, ਬਚਾ ਲੈ, ਹੇ ਮੈਂਡੇ ਮਾਲਕ! ਤੇ ਆਪਣੀ ਮਿਹਰ ਕਰਕੇ ਮੇਰੀ ਰੱਖਿਆ ਕਰ।

ਨਾਨਕ ਮੈ ਧਰ ਅਵਰ ਨ ਕਾਈ ਮੈ ਸਤਿਗੁਰੁ ਗੁਰੁ ਨਿਸਤਾਰੇ ॥੮॥੬॥ ਛਕਾ ੧ ॥
ਨਾਨਕ, ਮੇਰਾ ਹੋਰ ਕੋਈ ਆਸਰਾ ਨਹੀਂ। ਵਿਸ਼ਾਲ ਸੱਚੇ ਗੁਰਦੇਵ ਜੀ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।

copyright GurbaniShare.com all right reserved. Email