Page 984

ਰਾਗੁ ਮਾਲੀ ਗਉੜਾ ਮਹਲਾ ੪
ਰਾਗੁ ਮਾਲੀ ਗਾਉੜਾ ਚੌਥੀ ਪਾਤਸ਼ਾਹੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਅਨਿਕ ਜਤਨ ਕਰਿ ਰਹੇ ਹਰਿ ਅੰਤੁ ਨਾਹੀ ਪਾਇਆ ॥
ਘਣੇਰਿਆਂ ਨੇ ਹੀ ਉਪਰਾਲੇ ਕੀਤੇ ਹਨ, ਪਰ ਪ੍ਰਭੂ ਦਾ ਓੜਕ ਕਿਸੇ ਨੂੰ ਨਹੀਂ ਲੱਭਾ।

ਹਰਿ ਅਗਮ ਅਗਮ ਅਗਾਧਿ ਬੋਧਿ ਆਦੇਸੁ ਹਰਿ ਪ੍ਰਭ ਰਾਇਆ ॥੧॥ ਰਹਾਉ ॥
ਵਾਹਿਗੁਰੂ ਪਹੁੰਚ ਤੋਂ ਪਰੇ, ਬੇਥਾਹ, ਅਲਖ ਅਤੇ ਮਨੁੱਖੀ ਸਮਝ ਤੋਂ ਉਚੇਰਾ ਹੈ। ਉਸ ਸੁਆਮੀ ਵਾਹਿਗੁਰੂ ਪਾਤਸ਼ਾਹ ਨੂੰ ਮੇਰੀ ਨਮਸ਼ਕਾਰ ਹੈ। ਠਹਿਰਾਉ।

ਕਾਮੁ ਕ੍ਰੋਧੁ ਲੋਭੁ ਮੋਹੁ ਨਿਤ ਝਗਰਤੇ ਝਗਰਾਇਆ ॥
ਵਿਸ਼ੇ ਭੋਗ, ਗੁੱਸੇ ਲਾਲਚ ਤੇ ਸੰਸਾਰੀ ਮਮਤਾ ਦੇ ਗ੍ਰਸੇ ਹੋਏ ਇਨਸਾਨ ਹਮੇਸ਼ਾਂ ਲੜਦੇ ਤੇ ਬਖੇੜਿਆਂ ਵਿੱਚ ਪੈਂਦੇ ਹਨ।

ਹਮ ਰਾਖੁ ਰਾਖੁ ਦੀਨ ਤੇਰੇ ਹਰਿ ਸਰਨਿ ਹਰਿ ਪ੍ਰਭ ਆਇਆ ॥੧॥
ਮੇਰੇ ਵਾਹਿਗੁਰੂ, ਸੁਆਮੀ ਮਾਲਕ, ਮੈਂ ਤੇਰੀ ਪਨਾਹ ਲਈ ਹੈ। ਤੂੰ ਆਪਣੇ ਮਸਕੀਨ ਜੀਵ ਦੀ ਰੱਖਿਆ ਰੱਖਿਆ ਕਰ।

ਸਰਣਾਗਤੀ ਪ੍ਰਭ ਪਾਲਤੇ ਹਰਿ ਭਗਤਿ ਵਛਲੁ ਨਾਇਆ ॥
ਹੇ ਸਾਈਂ ਮਾਲਕ! ਤੂੰ ਉਸ ਦੀ ਪ੍ਰਵਰਸ਼ ਕਰਦਾ ਹੈਂ ਜੋ ਤੇਰੀ ਸ਼ਰਣ ਲੈਂਦਾ ਹੈ। ਤੇਰਾ ਨਾਮ ਆਪਣਿਆਂ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ।

ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ ਹਰਿ ਰਾਖਿ ਲੀਓ ਤਰਾਇਆ ॥੨॥
ਪ੍ਰਹਿਲਾਦ, ਤੇਰਾ ਗੋਲਾ, ਹਰਣਾਖਸ਼ ਨੇ ਪਕੜ ਲਿਆ ਸੀ। ਤੂੰ ਉਸ ਦੀ ਰੱਖਿਆ ਅਤੇ ਕਲਿਆਣ ਕੀਤੀ, ਹੇ ਵਾਹਿਗੁਰੂ!

ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ ਰਾਇਆ ॥
ਉਸ ਦਾ ਮੰਦਰ ਪ੍ਰਾਪਤ ਕਰਨ ਲਈ, ਤੂੰ ਆਪਣੇ ਰੱਬ ਨੂੰ ਯਾਦ ਕਰ, ਹੇ ਬੰਦੇ! ਪ੍ਰਭੂ ਪਾਤਸ਼ਾਹ ਸਾਰੇ ਦੁਖੜੇ ਦੂਰ ਕਰਨ ਵਾਲਾ ਹੈ।

ਭਉ ਜਨਮ ਮਰਨ ਨਿਵਾਰਿ ਠਾਕੁਰ ਹਰਿ ਗੁਰਮਤੀ ਪ੍ਰਭੁ ਪਾਇਆ ॥੩॥
ਸੁਆਮੀ ਜੰਮਣ ਤੇ ਮਰਨ ਦਾ ਡਰ ਨਾਸ ਕਰਨ ਵਾਲਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਵਾਹਿਗੁਰੂ ਪਾਇਆ ਜਾਂਦਾ ਹੈ।

ਹਰਿ ਪਤਿਤ ਪਾਵਨ ਨਾਮੁ ਸੁਆਮੀ ਭਉ ਭਗਤ ਭੰਜਨੁ ਗਾਇਆ ॥
ਸੁਆਮੀ ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹਾਂ, ਜੋ ਆਪਣੇ ਸ਼ਰਧਾਲੂਆਂ ਦਾ ਡਰ ਨਾਸ ਕਰਨ ਵਾਲਾ ਹੈ।

ਹਰਿ ਹਾਰੁ ਹਰਿ ਉਰਿ ਧਾਰਿਓ ਜਨ ਨਾਨਕ ਨਾਮਿ ਸਮਾਇਆ ॥੪॥੧॥
ਜੋ ਸੁਆਮੀ ਵਾਹਿਗੁਰੂ ਦੀ ਮਾਲਾ ਆਪਣੇ ਦਿਲ ਰੂਪ ਗਲੇ ਤੇ ਪਾਉਂਦਾ ਹੈ, ਉਹ ਉਸ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ, ਹੇ ਗੋਲੇ ਨਾਨਕ!

ਮਾਲੀ ਗਉੜਾ ਮਹਲਾ ੪ ॥
ਮਾਲੀ ਗਉੜਾ ਚੌਥੀ ਪਾਤਸ਼ਾਹੀ।

ਜਪਿ ਮਨ ਰਾਮ ਨਾਮੁ ਸੁਖਦਾਤਾ ॥
ਹੇ ਮੇਰੀ ਜਿੰਦੜੀਏ! ਤੂੰ ਆਰਾਮ-ਦੇਣਹਾਰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ।

ਸਤਸੰਗਤਿ ਮਿਲਿ ਹਰਿ ਸਾਦੁ ਆਇਆ ਗੁਰਮੁਖਿ ਬ੍ਰਹਮੁ ਪਛਾਤਾ ॥੧॥ ਰਹਾਉ ॥
ਸਾਧ ਸੰਗਤ ਨਾਲ ਮਿਲ ਕੇ, ਜੋ ਵਾਹਿਗੁਰੂ ਦੇ ਸੁਆਦ ਨੂੰ ਮਾਣਦਾ ਹੈ, ਉਹ ਗੁਰਾਂ ਦੀ ਦਇਆ ਦੁਆਰਾ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦਾ ਹੈ। ਠਹਿਰਾਉ।

ਵਡਭਾਗੀ ਗੁਰ ਦਰਸਨੁ ਪਾਇਆ ਗੁਰਿ ਮਿਲਿਐ ਹਰਿ ਪ੍ਰਭੁ ਜਾਤਾ ॥
ਪਰਮ ਚੰਗੇ ਨਸੀਬਾਂ ਦੁਆਰਾ, ਬੰਦੇ ਦੇ ਦਰਸ਼ਨ ਨਸੀਬ ਹੁੰਦੇ ਹਨ ਅਤੇ ਗੁਰਾਂ ਨਾਲ ਮਿਲ ਕੇ, ਉਹ ਸੁਆਮੀ ਵਾਹਿਗੁਰੂ ਨੂੰ ਜਾਣ ਲੈਂਦਾ ਹੈ।

ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਅੰਮ੍ਰਿਤਿ ਹਰਿ ਸਰਿ ਨਾਤਾ ॥੧॥
ਸੁਆਮੀ ਵਾਹਿਗੁਰੂ ਦੇ ਸੁਧਾ ਸਰੂਭ ਸਰੋਵਰ ਵਿੱਚੱ ਇਸ਼ਨਾਨ ਕਰਨ ਦੁਆਰਾ, ਖੋਟੀ ਅਕਲ ਦੀ ਸਾਰੀ ਮਲੀਣਤਾ ਧੋਤੀ ਜਾਂਦੀ ਹੈ।

ਧਨੁ ਧਨੁ ਸਾਧ ਜਿਨ੍ਹ੍ਹੀ ਹਰਿ ਪ੍ਰਭੁ ਪਾਇਆ ਤਿਨ੍ਹ੍ਹ ਪੂਛਉ ਹਰਿ ਕੀ ਬਾਤਾ ॥
ਸ਼ਾਬਾਸ਼! ਸ਼ਾਬਾਸ਼! ਹੈ, ਉਨ੍ਹਾਂ ਸੰਤਾਂ ਦੇ, ਜੋ ਆਪਣੇ ਸੁਆਮੀ ਵਾਹਿਗੁਰੂ ਨੂੰ ਪ੍ਰਾਪਤ ਹੋਏ ਹਨ। ਮੈਂ ਉਨ੍ਹਾਂ ਪਾਸੋਂ ਸਾਹਿਬ ਦੀਆਂ ਰਾਮ ਕਹਾਣੀਆਂ ਪੁਛਦਾ ਹਾਂ।

ਪਾਇ ਲਗਉ ਨਿਤ ਕਰਉ ਜੁਦਰੀਆ ਹਰਿ ਮੇਲਹੁ ਕਰਮਿ ਬਿਧਾਤਾ ॥੨॥
ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ ਅਤੇ ਸਦਾ ਉਨ੍ਹਾਂ ਮੂਹਰੇ ਬੇਨਤੀ ਕਰਦਾ ਹਾਂ; ਤੁਸੀਂ ਮਿਹਰ ਧਾਰ ਕੇ ਮੈਨੂੰ ਮੇਰੇ ਸਿਰਜਣਹਾਰ ਸੁਆਮੀ ਨਾਲ ਜੋੜ ਦਿਓ।

ਲਿਲਾਟ ਲਿਖੇ ਪਾਇਆ ਗੁਰੁ ਸਾਧੂ ਗੁਰ ਬਚਨੀ ਮਨੁ ਤਨੁ ਰਾਤਾ ॥
ਆਪਣੇ ਮੱਥੇ ਦੀ ਲਿਖਤਕਾਰ ਦੀ ਬਰਕਤ, ਮੈਂ ਸੰਤ-ਰੂਪ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਹਨਾਂ ਦੀ ਗੁਰਬਾਣੀ ਦੇ ਰਾਹੀਂ, ਮੇਰੀ ਜਿੰਦੜੀ ਤੇ ਦੇਹ ਪ੍ਰਭੂ ਨਾਲ ਰੰਗੀਆਂ ਗਈਆਂ ਹਨ।

ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ ਸਭ ਕਿਲਵਿਖ ਪਾਪ ਗਵਾਤਾ ॥੩॥
ਸੁਆਮੀ ਵਾਹਿਗੁਰੂ ਆ ਕੇ ਮੈਨੂੰ ਮਿਲ ਪਿਆ ਹੈ। ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੈਂ ਕੁਕਰਮਾਂ ਅਤੇ ਗੁਨਾਹਾਂ ਤੋਂ ਖਲਾਸੀ ਪਾ ਗਿਆ ਹਾਂ।

ਰਾਮ ਰਸਾਇਣੁ ਜਿਨ੍ਹ੍ਹ ਗੁਰਮਤਿ ਪਾਇਆ ਤਿਨ੍ਹ੍ਹ ਕੀ ਊਤਮ ਬਾਤਾ ॥
ਸ੍ਰੇਸ਼ਟ ਹਨ, ਉਨ੍ਹਾਂ ਦੇ ਬਚਨ ਬਿਲਾਸ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ, ਅੰਮ੍ਰਿਤ ਦੇ ਘਰ ਆਪਣੇ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ।

ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ ॥੪॥੨॥
ਭਾਰੇ ਭਾਗਾਂ ਦੁਆਰਾ, ਬੰਦੇ ਨੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਹੁੰਦੀ ਹੈ। ਗੋਲਾ ਨਾਨਕ ਉਨ੍ਹਾਂ ਦੇ ਪੈਰੀਂ ਪੈਂਦਾ ਹੈ।